-ਐਸਐਸਪੀ ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ ‘ਤੇ ਸੁਹੇਲ ਬਰਾੜ ਨੇ ਗੋਲੀਆਂ ਵੱਜਣ ਦੇ ਬਣਾਏ ਸਨ ਝੂਠੇ ਨਿਸ਼ਾਨ
-ਗੋਲੀਆਂ ਦੇ ਨਿਸ਼ਾਨ ਦਾ ਹਵਾਲਾ ਦਿੰਦੇ ਹੋਏ ਬਚਾਅ ‘ਚ ਪੁਲਿਸ ਵੱਲੋਂ ਫਾਇਰਿੰਗ ਕਰਨ ਦੀ ਦਿੱਤੀ ਗਈ ਸੀ ਦਲੀਲ
ਫ਼ਰੀਦਕੋਟ: ਬਹਿਬਲ ਕਲਾਂ ਗੋਲੀ ਕਾਂਡ ‘ਚ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਸੁਹੇਲ ਸਿੰਘ ਬਰਾੜ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਪੁਲਿਸ ਨੂੰ ਸੁਹੇਲ ਬਰਾੜ ਨੂੰ 21 ਜੂਨ ਤੱਕ ਪੁਲਿਸ ਰਿਮਾਂਡ ਦੇ ਦਿੱਤਾ ਹੈ।
ਦੱਸ ਦੇਈਏ ਵਿਸ਼ੇਸ਼ ਜਾਂਚ ਟੀਮ ਨੇ ਮੰਗਲਵਾਰ ਨੂੰ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਮੁੱਖ ਦੋਸ਼ੀ ਅਤੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਦੀ ਪਾਇਲਟ ਜਿਪਸੀ ‘ਤੇ ਫਾਇਰਿੰਗ ਕਰਕੇ ਝੂਠੇ ਸਬੂਤ ਬਣਾਉਣ ਦੇ ਇਲਜ਼ਾਮ ‘ਚ ਫਰੀਦਕੋਟ ਵਾਸੀ ਸੁਹੇਲ ਸਿੰਘ ਬਰਾੜ ਨੂੰ ਗ੍ਰਿਫਤਾਰ ਕੀਤਾ ਸੀ। ਬਹਿਬਲ ਕਲਾਂ ਗੋਲੀਕਾਂਡ ਵਿੱਚ ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਜੋ ਬਰਗਾੜੀ ਬੇਅਦਬੀ ਮਾਮਲੇ ਦੇ ਵਿਰੋਧ ਵਿੱਚ ਸਿੱਖ ਜੱਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਸ਼ਾਂਤੀਪੂਰਨ ਧਰਨੇ ਵਿੱਚ ਸ਼ਾਮਲ ਸਨ। ਉਸ ਸਮੇਂ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਜਿਪਸੀ ‘ਤੇ ਫਾਇਰਿੰਗ ਦੇ ਨਿਸ਼ਾਨ ਦਾ ਹਵਾਲਾ ਦਿੰਦੇ ਹੋਏ ਦਲੀਲ਼ ਦਿੱਤੀ ਸੀ ਕਿ ਘਟਨਾ ਦੇ ਸਮੇਂ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਗੱਡੀਆਂ ‘ਤੇ ਫਾਇਰਿੰਗ ਕੀਤੀ ਸੀ ਜਿਸਦੇ ਬਚਾਅ ਵਿੱਚ ਪੁਲਿਸ ਨੂੰ ਫਾਇਰਿੰਗ ਕਰਨੀ ਪਈ ਸੀ।
ਐਸਆਈਟੀ ਨੇ ਆਪਣੀ ਪੜਤਾਲ ਵਿੱਚ ਪਾਇਆ ਹੈ ਕਿ ਗੋਲੀਕਾਂਡ ਦੀ ਘਟਨਾ ਤੋਂ ਬਾਅਦ ਆਪਣਾ ਬਚਾਅ ਕਰਨ ਲਈ ਮੁਲਜ਼ਮ ਪੁਲਿਸ ਅਧਿਕਾਰੀਆਂ ਨੇ ਝੂਠੀ ਕਹਾਣੀ ਰਚੀ ਸੀ ਅਤੇ ਸੁਹੇਲ ਸਿੰਘ ਬਰਾੜ ਨੇ ਜਿਪਸੀ ਨੂੰ ਫਰੀਦਕੋਟ ਸਥਿਤ ਆਪਣੇ ਘਰ ਲਿਆ ਕੇ ਉਸ ‘ਤੇ ਫਾਇਰ ਕੀਤਾ ਸੀ। ਏਸਆਈਟੀ ਦੇ ਮੁੱਖ ਜਾਂਚਕਰਤਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਜਿਪਸੀ ‘ਤੇ ਝੂਠੀ ਫਾਇਰਿੰਗ ਮਾਮਲੇ ਵਿੱਚ ਕੇਸ ਦੇ ਸਾਥੀ ਮੁਲਜ਼ਮ ਐਸਪੀ ਬਿਕਰਮਜੀਤ ਸਿੰਘ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।
ਪੰਜਾਬੀ ਤੇ ਅੰਗਰੇਜ਼ੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਆਪਣੇ ਫੋਨ ‘ਤੇ ਐਪ ਡਾਊਨਲੋਡ ਕਰੋ: