ਸੰਗਰੂਰ : ਅਧਿਆਪਕ ਜਥੇਬੰਦੀਆਂ ਦਾ ਸੂਬਾ ਸਰਕਾਰ ਪ੍ਰਤੀ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ। ਸੰਗਰੂਰ ਵਿਖੇ ਕਈ ਮਹੀਨਿਆਂ ਤੋਂ ਪੱਕਾ ਮੋਰਚਾ ਲਾਈ ਬੈਠੇ ਸੈਂਕੜੇ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਅੱਜ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਆਰਜ਼ੀ ਦਫ਼ਤਰ ਨੂੰ ਘੇਰਾ ਪਾਈ ਬੈਠੇ ਹਨ। ਅਧਿਆਪਕਾਂ ਨੇ ਦਫ਼ਤਰ ਦਾ ਦੋਹਾਂ ਗੇਟਾਂ ਤੋਂ ਘਿਰਾਓ ਕਰ ਲਿਆ ਹੈ |
ਸਿੱਖਿਆ ਮੰਤਰੀ ਦੇ ਅਰਜ਼ੀ ਦਫ਼ਤਰ ਰੈਸਟ ਹਾਊਸ ਦਾ ਘਿਰਾਓ ਕੀਤੇ ਜਾਣ ਤੋਂ ਬਾਅਦ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਅਤੇ ਬੇਰੁਜ਼ਗਾਰ ਈ.ਟੀ.ਟੀ. ਅਧਿਆਪਕ ਸੜਕ ਜਾਮ ਕਰ ਕੇ ਲਗਾਤਾਰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਤਿੱਖੀ ਧੁੱਪ ਦੇ ਬਾਵਜੂਦ ਅਧਿਆਪਕ ਸੜਕ ‘ਤੇ ਡਟੇ ਹੋਏ ਹਨ। ਇਸ ਦੌਰਾਨ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਵੀ ਮੌਕੇ ‘ਤੇ ਮੌਜੂਦ ਹਨ।
ਇਸ ਵਿਚਾਲੇ ਬੇਰੁਜ਼ਗਾਰ ਅਧਿਆਪਕਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋਣ ਦੀ ਵੀ ਖ਼ਬਰ ਹੈ। ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਮੰਗਾਂ ਨਾ ਮੰਨੇ ਜਾਣ ਕਾਰਨ ਅਧਿਆਪਕਾਂ ਵੱਲੋਂ ਲਗਾਤਾਰ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਜ ਹੀ ਪੰਜਾਬ ਕੈਬਨਿਟ ਦੀ ਮੀਟਿੰਗ ਵੀ ਹੈ, ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਅਧਿਆਪਕਾਂ ਸੰਬੰਧੀ ਕੋਈ ਵੱਡਾ ਫ਼ੈਸਲਾ ਇਸ ਮੀਟਿੰਗ ਵਿੱਚ ਹੀ ਲੈ ਸਕਦੀ ਹੈ।