ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਚਾਇਤ ਵਿਭਾਗ ਕਰਮਚਾਰੀ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਗਿੱਲ ਨੇ ਵਿਭਾਗ ਦੇ ਇੱਕ ਬੀਡੀਪੀਓ ‘ਤੇ ਦੋਸ਼ ਲਾਏ ਹਨ ਕਿ ਚਾਲੀ ਲੱਖ ਦਾ ਗਬਨ ਕਰਨ ਦੇ ਬਾਵਜੂਦ ਵੀ ਉਹ 2009 ਤੋਂ ਲਗਾਤਾਰ ਡਿਊਟੀ ਕਰ ਰਹੇ ਹਨ।
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਗਿੱਲ ਨੇ ਕਿਹਾ ਕਿ ਧਨਵੰਤ ਸਿੰਘ ਰੰਧਾਵਾ ਜਦੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਾਇਨਾਤ ਸਨ ਤਾਂ ਉਹਨਾਂ ਪੰਚਾਇਤੀ ਜ਼ਮੀਨ ਤੋਂ ਆਉਣ ਵਾਲੀ ਆਮਦਨ ਵਿੱਚ ਵੱਡਾ ਗਬਨ ਕੀਤਾ ਸੀ। ਜਾਂਚ ਤੋਂ ਬਾਅਦ ਵਿਜੀਲੈਂਸ ਪੁਲੀਸ ਅੰਮ੍ਰਿਤਸਰ ਵੱਲੋਂ ਉਸ ਉਪਰ ਐਫ .ਆਈ. ਆਰ. ਦਰਜ ਕੀਤੀ ਸੀ ਪਰ ਉਸਦੇ ਭਗੌੜਾ ਹੋਣ ਦੇ ਬਾਵਜੂਦ ਵਿਜੀਲੈਂਸ ਨੇ ਉਸ ਦੇ ਪਰਚੇ ਸਬੰਧੀ ਅਦਾਲਤ ਵਿਚ ਕੈਂਸਲੇਸ਼ਨ ਰਿਪੋਰਟ ਭਰ ਦਿੱਤੀ ਜਦਕਿ ਭਗੌੜਾ ਵਿਅਕਤੀ ਜਦੋਂ ਗ੍ਰਿਫਤਾਰ ਹੋ ਜਾਵੇ ਉਸ ਤੋਂ ਬਾਅਦ ਹੀ ਇਹ ਰਿਪੋਰਟ ਭਰੀ ਜਾਂਦੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਹਾਈਕੋਰਟ ਵੱਲੋਂ ਜ਼ਮਾਨਤ ਰੱਦ ਹੋਣ ਦੇ ਬਾਅਦ ਵਿਜੀਲੈਂਸ ਨੇ ਉਸਨੂੰ ਨੂੰ ਜਾਣ ਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ। ਸੁਖਪਾਲ ਸਿੰਘ ਗਿੱਲ ਨੇ ਕਿਹਾ ਕਿ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਸਾਹਮਣੇ ਧਨਵੰਤ ਸਿੰਘ ਰੰਧਾਵਾ ਦੀ ਮੌਜੂਦਗੀ ਵਿੱਚ ਉਸ ਨੇ ਇਸ ਸਕੈਂਡਲ ਬਾਰੇ ਸਾਰੇ ਪੱਖ ਸਪੱਸ਼ਟ ਕੀਤੇ ਸਨ।ਇਸ ਦੇ ਬਾਵਜੂਦ ਵੀ ਰੰਧਾਵਾ ਲੁਧਿਆਣਾ ਵਿਖੇ ਬੀਡੀਪੀਓ ਦੀ ਅਸਾਮੀ ‘ਤੇ ਤੈਨਾਤ ਹੈ। ਗਿੱਲ ਨੇ ਸਪੱਸ਼ਟ ਕਿਹਾ ਕਿ ਵਿਜੀਲੈਂਸ ਪੁਲਿਸ ਅੰਮ੍ਰਿਤਸਰ ਦੇ ਐਸਐਸਪੀ ਅਤੇ ਇੱਕ ਇੰਸਪੈਕਟਰ ਰੰਧਾਵਾ ਨੂੰ ਬਚਾ ਰਹੇ ਹਨ ਅਤੇ ਇਸ ਮਾਮਲੇ ਵਿੱਚ ਵੱਡਾ ਲੈਣ ਦੇਣ ਵੀ ਹੋਇਆ ਹੋ ਸਕਦਾ ਹੈ।