ਚੰਡੀਗੜ੍ਹ : ਬਠਿੰਡਾ ਦੀ ਲਾਲ ਸਿੰਘ ਬਸਤੀ ‘ਚ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਯੂਥ ਆਗੂ ਸੁਖਮਨ ਸੰਧੂ ਦੀ ਬੀਤੀ ਦੇਰ ਰਾਤ ਕੁੱਝ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਉਹ ਕਿਸੇ ਕੰਮ ਲਈ ਰਾਤੀਂ ਘਰੋਂ ਬਾਹਰ ਆਇਆ ਸੀ ਜਿਸ ਦੀ ਸੜਕ ਉੱਤੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਉਸ ਦਾ ਅਸਲਾ ਵੀ ਨਾਲ ਲੈ ਗਏ।
ਮਿਲੀ ਜਾਣਕਾਰੀ ਅਨੁਸਾਰ ਸੁਖਮਨ ਸੰਧੂ ਦੀ ਲਾਸ਼ ਮਿਲਣ ਤੋਂ ਬਾਅਦ ਥਾਣਾ ਕੈਨਾਲ ਕਲੋਨੀ ਪੁਲਿਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ। ਫਿਲਹਾਲ ਕਾਤਲਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਪਿਛਲੀਆਂ ਵਿਧਾਨ ਸਭਾ ਵੇਲੇ ਚੋਣਾਂ ਮੌਕੇ ਸੁਖਮਨ ਸੰਧੂ ਅਤੇ ਕੁੱਝ ਲੋਕਾਂ ਵਿਚਾਕਾਰ ਝਗੜਾ ਹੋਇਆ ਸੀ। ਉਸ ਮੌਕੇ ਦੋਵਾਂ ਧਿਰਾਂ ਵਿਚਕਾਰ ਆਪਸ ’ਚ ਗੋਲੀਆਂ ਵੀ ਚੱਲੀਆਂ ਸਨ। ਪੁਲਿਸ ਨੇ ਸੰਧੂ ਅਤੇ ਕੁੱਝ ਹੋਰ ਲੋਕਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਸੀ। ਪਰਿਵਾਰਕ ਸੂਤਰਾਂ ਅਨੁਸਾਰ ਸੁਖਮਨ ਸੰਧੂ ਦਾ ਕਤਲ ਪੁਰਾਣੀ ਰੰਜਿਸ਼ ਕਾਰਨ ਹੀ ਹੋਇਆ ਹੈ। ਸੁਖਮਨ ਸੰਧੂ ਅਕਾਲੀ ਦਲ (ਬਾਦਲ) ਨਾਲ ਕਾਫੀ ਲੰਮੇ ਸਮੇਂ ਤੋਂ ਜੁੜਿਆ ਹੋਇਆ ਸੀ ਅਤੇ ਉਹ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦਾ ਵੀ ਵੱਡਾ ਦਾਅਵੇਦਾਰ ਦੱਸਿਆ ਜਾ ਰਿਹਾ ਹੈ।