ਬਠਿੰਡਾ: ਕੋਰੋਨਾ ਵਾਇਰਸ ਦਾ ਪ੍ਰਸਾਰ ਪੰਜਾਬ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਇਸ ਦੀ ਲਪੇਟ ਵਿੱਚ ਅਫ਼ਸਰ ਅਤੇ ਲੀਡਰ ਵੀ ਆ ਰਹੇ ਹਨ। ਪਟਿਆਲਾ ਦੇ ਐਸਐਸਪੀ ਤੋਂ ਬਾਅਦ ਹੁਣ ਬਠਿੰਡਾ ਦੇ ਐਸਐਸਪੀ ਭੁਪਿੰਦਰ ਸਿੰਘ ਵਿਰਕ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਐਸਐਸਪੀ ਭੁਪਿੰਦਰ ਵਿਰਕ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਬਠਿੰਡਾ ਵੀ ਇਕਾਂਤਵਾਸ ‘ਚ ਚਲੇ ਗਏ ਹਨ। ਕਿਉਂਕਿ ਆਜ਼ਾਦੀ ਦਿਹਾੜੇ ਮੌਕੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਦੋਵੇਂ ਇਕੱਠੇ ਬੈਠੇ ਹੋਏ ਸਨ।
ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਹੈ ਕਿ ਐਸਐਸਪੀ ਬਠਿੰਡਾ ਦੇ ਸੰਪਰਕ ਵਿੱਚ ਜਿਹੜੇ ਵੀ ਲੋਕ ਆਏ ਹਨ, ਉਹ ਆਪਣੇ ਆਪ ਨੂੰ ਤੁਰੰਤ ਇਕਾਂਤ ਵਾਸ ਕਰ ਲੈਣ ਅਤੇ ਜਿੰਨੀ ਜਲਦੀ ਹੋ ਸਕੇ ਕਰੋਨਾ ਟੈਸਟ ਕਰਵਾਉਣ।
ਦੱਸ ਦਈਏ ਕਿ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਪਹੁੰਚੇ ਸਨ। ਸਮਾਗਮ ਵਿੱਚ ਐਸਐਸਪੀ ਭੁਪਿੰਦਰ ਸਿੰਘ ਵਿਰਕ ਤੋਂ ਇਲਾਵਾ ਬਠਿੰਡਾ ਰੇਂਜ ਦੇ ਆਈ.ਜੀ ਜਸਕਰਨ ਸਿੰਘ ਵੀ ਉੱਥੇ ਮੌਜੂਦ ਸਨ।