ਬਠਿੰਡਾ: ਜ਼ਿਲ੍ਹੇ ਦੀ ਗ੍ਰੀਨ ਸਿਟੀ ਕਲੋਨੀ ‘ਚ ਆਰਥਿਕ ਤੰਗੀ ਤੇ ਕਰਜ਼ੇ ਤੋਂ ਪਰੇਸ਼ਾਨ ਇਕ ਟ੍ਰੇਡਰ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਇਸ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਦਵਿੰਦਰ ਗਰਗ (41) ਉਨ੍ਹਾਂ ਦੀ ਪਤਨੀ ਮੀਨਾ ਗਰਗ (38), ਬੇਟੇ ਆਰੂਸ਼ ਗਰਗ (14) ਅਤੇ ਧੀ ਮੁਸਕਾਨ ਗਰਗ (10) ਵਜੋਂ ਹੋਈ ਹੈ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਇਕ ਖੁਦਕੁਸ਼ੀ ਨੋਟ ਵੀ ਲਿਖਿਆ, ਜਿਸ ਵਿੱਚ ਆਰਥਿਕ ਤੰਗੀ ਅਤੇ ਕਰਜ਼ੇ ਨੂੰ ਆਪਣੀ ਮੌਤ ਦਾ ਕਾਰਨ ਦੱਸਦੇ ਹੋਏ 9 ਅਜਿਹੇ ਲੋਕਾਂ ਦੇ ਨਾਮ ਲਿਖੇ ਜੋ ਉਨ੍ਹਾਂ ਨੂੰ ਪੈਸੇ ਲਈ ਪਰੇਸ਼ਾਨ ਕਰਦੇ ਸਨ।
ਬਠਿੰਡਾ ਦੀ ਗ੍ਰੀਨ ਸਿਟੀ ਕਲੋਨੀ ਦੀ ਕੋਠੀ ਨੰਬਰ 284 ‘ਚ ਕਿਰਾਏ ‘ਤੇ ਰਹਿਣ ਵਾਲੇ ਦਵਿੰਦਰ ਗਰਗ ਪ੍ਰਾਈਵੇਟ ਕੰਪਨੀ ਜ਼ਰੀਏ ਟ੍ਰੇਡਿੰਗ ਦਾ ਕੰਮ ਕਰਦੇ ਸਨ। ਲਾਕਡਾਊਨ ਦੌਰਾਨ ਕੰਮ ਬੰਦ ਹੋਣ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਕਮਜ਼ੋਰ ਹੋ ਗਈ ਸੀ। ਉਥੇ ਹੀ ਕਰੋੜਾਂ ਦਾ ਕਰਜ਼ ਵੀ ਸਿਰ ਉੱਤੇ ਚੜ੍ਹ ਗਿਆ ਸੀ। ਜਿਸ ਕਾਰਨ ਦਵਿੰਦਰ ਬਹੁਤ ਪਰੇਸ਼ਾਨ ਰਹਿਣ ਲੱਗਿਆ ਸੀ। ਵੀਰਵਰ ਦੁਪਹਿਰ ਲਗਭਗ ਚਾਰ ਵਜੇ ਉਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਪਹਿਲਾਂ ਆਪਣੀ ਪਤਨੀ ਅਤੇ ਦੋਵਾਂ ਬੱਚਿਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਖ਼ੁਦ ਨੂੰ ਵੀ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ।
ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਪੁਲੀਸ ਪਾਰਟੀ ਸਣੇ ਮੌਕੇ ਤੇ ਪੁੱਜੀ ਅਤੇ ਫਿੰਗਰ ਪ੍ਰਿੰਟ ਐਕਸਪਰਟ ਟੀਮ ਨੇ ਬਰਾਮਦ ਰਿਵਾਲਵਰ ਦੀ ਜਾਂਚ ਕੀਤੀ। ਖ਼ੁਦਕੁਸ਼ੀ ਨੋਟ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਚਾਰਾ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ।