ਬਟਾਲਾ: ਬਟਾਲਾ ਪੁਲਿਸ ਅਤੇ ਇੱਕ ਗੈਂਗਸਟਰ ਵਿਚਾਲੇ ਹੋਏ ਮੁਕਾਬਲੇ ਵਿੱਚ ਇੱਕ ਗੈਂਗਸਟਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਇਸ ਦੌਰਾਨ ਉਸ ਦਾ ਇੱਕ ਹੋਰ ਸਾਥੀ ਪੁਲਿਸ ਹਿਰਾਸਤ ਵਿੱਚ ਹੈ। ਮਾਰੇ ਗਏ ਗੈਂਗਸਟਰ ਦੀ ਪਛਾਣ ਮੋਹਿਤ ਵਾਸੀ ਪਿੰਡ ਬੋਦੇ ਕੀ ਖੂਈ ਵਜੋਂ ਹੋਈ ਹੈ ਅਤੇ ਦੂਜੇ ਮੁਲਜ਼ਮ ਦੀ ਪਛਾਣ ਵਿਸ਼ਾਲ ਭਾਟੀ ਵਾਸੀ ਪਿੰਡ ਬਾਸਰਪੁਰਾ ਬਟਾਲਾ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਉਪਰੋਕਤ ਦੋਵੇਂ ਮੁਲਜ਼ਮਾਂ ’ਤੇ ਜੈਤਿਨਪੁਰ ਅਤੇ ਰਾਇਮਲ ਵਿੱਚ ਗਰਨੇਡਾਂ ਨਾਲ ਹਮਲਾ ਕਰਨ ਦਾ ਦੋਸ਼ ਹੈ। ਬੀਤੀ ਰਾਤ ਡੀਆਈਜੀ ਬਾਰਡਰ ਰੇਂਜ ਸਤਿੰਦਰ ਸਿੰਘ ਨੇ ਪਹੁੰਚ ਕੇ ਦੱਸਿਆ ਕਿ ਪੁਲਿਸ ਨੇ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਬਿਧੀਪੁਰ ਨੇੜੇ ਨਾਕਾਬੰਦੀ ਕਰ ਕੇ ਮੋਹਿਤ ਨੂੰ ਕਾਬੂ ਕੀਤਾ ਹੈ। ਜਦੋਂਕਿ ਦੂਜੇ ਮੁਲਜ਼ਮ ਵਿਸ਼ਾਲ ਨੂੰ ਉਸ ਦੇ ਘਰੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੀਤੀ ਰਾਤ 8 ਵਜੇ ਦੇ ਕਰੀਬ ਜਦੋਂ ਪੁਲਿਸ ਮੋਹਿਤ ਨੂੰ ਹਥਿਆਰਾਂ ਦੀ ਚੈਕਿੰਗ ਲਈ ਮਹਿਤਾ ਥਾਣਾ ਨੇੜੇ ਗਗੜਭਾਣਾ ਪਿੰਡ ਲੈ ਕੇ ਗਈ ਤਾਂ ਅਚਾਨਕ ਭੱਜਣ ਦੀ ਨੀਅਤ ਨਾਲ ਮੁਲਜ਼ਮ ਮੋਹਿਤ ਨੇ ਪੁਲਿਸ ਪਾਰਟੀ ’ਤੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਮੋਹਿਤ ਨੂੰ ਗੋਲੀ ਲੱਗ ਗਈ ਤੇ ਉਹ ਜ਼ਖ਼ਮੀ ਹੋ ਗਿਆ, ਜਦੋਂ ਮੋਹਿਤ ਨੂੰ ਬਟਾਲਾ ਦੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵੀਰਵਾਰ ਰਾਤ ਨੂੰ ਦੋਸ਼ੀ ਮੋਹਿਤ ਦੀ ਲਾਸ਼ ਨੂੰ ਬਟਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਦੇ ਨਾਲ ਹੀ ਇਸ ਪੁਲਿਸ ਮੁਕਾਬਲੇ ਵਿੱਚ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਹੌਲਦਾਰ ਅਜੀਤ ਸਿੰਘ ਦੇ ਗੋਡੇ ਵਿੱਚ ਗੋਲੀ ਲੱਗ ਗਈ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖ਼ਮੀ ਪੁਲਿਸ ਮੁਲਾਜ਼ਮ ਬਟਾਲਾ ਵਿੱਚ ਹੀ ਜ਼ੇਰੇ ਇਲਾਜ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।