-ਅਮਰਜੀਤ ਸਿੰਘ
ਬਾਸਮਤੀ ਝੋਨਾ ਪੰਜਾਬ ਸੂਬੇ ਦੀ ਇੱਕ ਨਿਰਯਾਤਯੋਗ ਫਸਲ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਮੰਡੀ ਵਿੱਚ ਚੰਗਾ ਭਾਅ ਮਿਲਣ ਕਰਕੇ, ਪਿਛਲੇ ਸਾਲਾਂ ਵਿੱਚ ਇਸਦੀ ਕਾਸ਼ਤ ਹੇਠ ਰਕਬਾ ਲਗਾਤਾਰ ਵੱਧ ਰਿਹਾ ਹੈ। ਪਿਛਲੇ ਸਾਲ 2019 ਵਿੱਚ ਭਾਰਤ ਨੇ 44.15 ਲੱਖ ਟਨ ਬਾਸਮਤੀ ਦਾ ਨਿਰਯਾਤ ਕੀਤਾ। ਪੰਜਾਬ ਵਿੱਚ ਸਾਲ 2019 ਦੌਰਾਨ ਬਾਸਮਤੀ ਹੇਠਾਂ 5.47 ਲੱਖ ਹੈਕਟੇਅਰ ਰਕਬਾ ਸੀ ਅਤੇ ਇਸਤੋਂ 19.64 ਲੱੱਖ ਟਨ ਪੈਦਾਵਾਰ ਹੋਈ।ਬਾਸਮਤੀ ਤੋਂ ਚੰਗਾ ਝਾੜ ਲੈਣ ਲਈ ਇਸ ਦੀਆਂ ਬਿਮਾਰੀਆਂ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਝੰਡਾ ਰੋਗ ਬਾਸਮਤੀ ਦੀ ਕਾਸ਼ਤ ਕਰਨ ਵਿੱਚ ਇੱਕ ਬਹੁਤ ਵੱਡੀ ਸਮੱੱਸਿਆ ਹੈ।ਇਸਦਾ ਹਮਲਾ ਹਰ ਸਾਲ ਹੀ ਨਜ਼ਰ ਆਉਂਦਾ ਹੈ ਅਤੇ ਜੇਕਰ ਇਸਦੀ ਰੋਕਥਾਮ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਇਹ ਸਾਡੇ ਬਾਸਮਤੀ ਕਾਸ਼ਤਕਾਰਾ ਦੇ ਝਾੜ ਦਾ ਕਾਫੀ ਨੁਕਸਾਨ ਕਰਦਾ ਹੈ।
ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਜਿਵੇਂ ਅਬੋਹਰ, ਫਾਜ਼ਿਲਕਾ, ਫਰੀਦਕੋਟ, ਕਪੂਰਥਲਾ, ਗੁਰਦਾਸਪੁਰ ਅਤੇ ਅਮ੍ਰਿਤਸਰ ਦੇ ਪਿੰਡਾਂ ਵਿੱਚ ਝੰਡਾ ਰੋਗ ਦਾ ਪ੍ਰਕੋਪ ਬਾਸਮਤੀ ਝੋਨੇ ਦੀਆਂ ਕਿਸਮਾਂ ਜਿਵੇਂ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਵਿੱਚ ਮੱਧਮ ਤੋਂ ਉਚ ਮਿਕਦਾਰ ਵਿੱਚ ਪਾਇਆ ਗਿਆ ਸੀ।ਇਨ੍ਹਾਂ ਵਿੱਚੋਂ ਜ਼ਿਆਦਾਤਰ ਕਿਸਾਨਾਂ ਨੂੰ ਬੀਜ ਅਤੇ ਪਨੀਰੀ ਦੀ ਸੋਧ ਨੂੰ ਨਹੀਂ ਅਪਣਾਇਆ ਜਾਂ ਫਿਰ ਇਕੱਲੇ ਬੀਜ ਦੀ ਸੋਧ ਕਰਕੇ ਹੀ ਬਾਸਮਤੀ ਦੀ ਕਾਸ਼ਤ ਕੀਤੀ।ਬਾਸਮਤੀ ਦੀ ਅਗੇਤੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਵਿੱਚ ਵੀ ਇਸ ਦਾ ਹਮਲਾ ਵਧੇਰੇ ਵੇਖਿਆ ਗਿਆ। ਇਸ ਲੇਖ ਰਾਹੀਂ ਅਸੀਂ ਕਿਸਾਨਾਂ ਨੂੰ ਝੰਡਾ ਰੋਗ ਦੀ ਵਿਸਥਾਰਪੂਰਵਕ ਜਾਣਕਾਰੀ ਦੇ ਰਹੇ ਹਾਂ ਤਾਂ ਜੋ ਇਸ ਰੋਗ ਨੂੰ ਸਮੇਂ ਸਿਰ ਕਾਬੂ ਕਰਕੇ ਬਾਸਮਤੀ ਝੋਨੇ ਦੇ ਝਾੜ ਦਾ ਨੁਕਸਾਨ ਹੋਣ ਤੋਂ ਰੋਕਿਆ ਜਾ ਸਕੇ।
ਝੰਡਾ ਰੋਗ ਇੱਕ ਉਲੀ ਰਾਹੀਂ ਲੱਗਣ ਵਾਲਾ ਰੋਗ ਹੈ।ਬਿਮਾਰੀ ਵਾਲੇ ਬੀਜ ਦੀ ਵਰਤੋਂ ਕਰਨਾ ਇਸ ਰੋਗ ਦਾ ਮੁੱਖ ਕਾਰਨ ਬਣਦਾ ਹੈ । ਪੰਜਾਬ ਵਿੱਚ ਕਾਸ਼ਤ ਹੋਣ ਵਾਲੀਆਂ ਬਾਸਮਤੀ ਝੋਨੇ ਦੀਆਂ ਜ਼ਿਆਦਾਤਰ ਕਿਸਮਾਂ (ਪੂਸਾ ਬਾਸਮਤੀ 1121, ਪੂਸਾ ਬਾਸਮਤੀ 1509 ਆਦਿ) ਇਸ ਰੋਗ ਦਾ ਟਾਕਰਾ ਨਹੀਂ ਕਰ ਸਕਦੀਆਂ ।ਇਸ ਰੋਗ ਦੇ ਵਧਣ ਦਾ ਇਹ ਵੀ ਇੱਕ ਕਾਰਨ ਹੈ ।ਇਸ ਰੋਗ ਦੀ ਉਲੀ ਦੇ ਕਣ ਮੁੱੱਖ ਤੌਰ ਤੇ ਬੀਜ ਅਤੇ ਮਿੱਟੀ ਰਾਹੀਂ ਫੈਲਦੇ ਹਨ ਜਿਹੜੇ ਕਿ ਪਨੀਰੀ ਲਾਉਣ ਵੇਲੇ ਬੀਜ ਦੇ ਪੁੰਗਰਣ ਸਮੇਂ ਜੜ੍ਹਾਂ ਜਾਂ ਧਰਤੀ ਨਾਲ ਲੱਗਦੇ ਤਣੇ ਦੇ ਹਿੱਸੇ ਰਾਹੀਂ ਸਾਰੇ ਪੌਦੇ ਤੇ ਹਮਲਾ ਕਰ ਦਿੰਦੇ ਹਨ ਜਿਸ ਕਾਰਨ ਸ਼ੁਰੂ ਵਿੱਚ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਦੂਜਿਆਂ ਬੂਟਿਆਂ ਨਾਲੋਂ ਜਿਆਦਾ ਉਚੇ ਲੰਬੇ ਹੋ ਜਾਂਦੇ ਹਨ। ਬਾਅਦ ਵਿੱਚ ਇਹ ਬੂਟੇ ਥੱਲੇ ਤੋਂ ਉਪਰ ਵੱਲ ਮੁਰਝਾ ਕੇ ਸੁੱਕ ਜਾਂਦੇ ਹਨ। ਬਿਮਾਰੀ ਵਾਲੇ ਬੂਟੇ ਜ਼ਮੀਨ ਉਪਰਲੀਆਂ ਪੋਰੀਆਂ ਤੋਂ ਜੜ੍ਹਾਂ ਬਣਾ ਲੈਂਦੇ ਹਨ। ਰੋਗੀ ਪੌਦੇ ਦੇ ਤਣੇ ਤੇ ਗੁਲਾਬੀ ਰੰਗ ਦੀ ਉਲੀ ਵੀ ਵੇਖੀ ਜਾ ਸਕਦੀ ਹੈ। ਕਈ ਵਾਰੀ ਬਿਮਾਰੀ ਵਾਲੇ ਬੂਟੇ ਪਨੀਰੀ ਵਿੱਚ ਹੀ ਛੋਟੇ ਰਹਿ ਜਾਂਦੇ ਹਨ ਅਤੇ ਬਾਅਦ ਵਿੱਚ ਸੁੱਕ ਜਾਂਦੇ ਹਨ। ਇਸ ਰੋਗ ਦੇ ਜੀਵਾਣੂੰ ਫਸਲ ਦਾ ਝਾੜ ਘਟਾਉਣ ਤੋਂ ਇਲਾਵਾ ਇੱਕ ਜ਼ਹਿਰੀਲਾ ਮਾਦਾ (ਮਾਈਕੋਟੋਕਸਿਨ) ਪੈਦਾ ਕਰਦੇ ਹਨ ਜੋ ਕਿ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਲਈ ਇੱਕ ਵੱਡਾ ਖਤਰਾ ਹੈ।
ਝੰਡਾ ਰੋਗ ਦੀ ਸੁਚੱਜੀ ਰੋਕਥਾਮ ਲਈ ਬਾਸਮਤੀ ਬੀਜਣ ਦੇ ਸਮੇਂ ਤੋਂ ਹੀ ਕੁਝ ਜ਼ਰੂਰੀ ਨੁਕਤੇ ਅਪਣਾਉਣੇ ਚਾਹੀਦੇ ਹਨ। ਪਹਿਲਾਂ ਨੁਕਤਾ ਇਹ ਕਿ ਰੋਗ ਬੀਜ ਰਾਹੀਂ ਆਉਂਦਾ ਹੈ ਸੋ ਇਸ ਰੋਗ ਤੋਂ ਬਚਾਅ ਲਈ ਹਮੇਸ਼ਾਂ ਰੋਗ ਰਹਿਤ ਬੀਜ ਦੀ ਹੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦੂਜਾ ਨੁਕਤਾ ਇਹ ਕਿ 8 ਕਿੱਲੋ ਸਿਹਤਮੰਦ ਅਤੇ ਨਰੋਏ ਬੀਜ ਦੀ ਚੋਣ ਕਰਕੇ ਪਨੀਰੀ ਬੀਜਣ ਤੋਂ ਪਹਿਲਾਂ ਜਾਂ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਇਸ ਬੀਜ ਨੂੰ 10 ਲਿਟਰ ਪਾਣੀ ਵਿੱਚ 10-12 ਘੰਟੇ ਲਈ ਡੁਬੋ ਲਉ ਅਤੇ ਫਿਰ ਟਰਾਈਕੋਡਰਮਾ ਹਾਰਜ਼ੀਐਨਮ ਦੇ ਨਾਲ 15 ਗ੍ਰਾਮ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਬੀਜ ਨੂੰ ਸੋਧ ਲਉ। ਇਸ ਸੋਧੇ ਹੋਏ ਬੀਜ ਨਾਲ ਤੁਸੀਂ ਬਾਸਮਤੀ ਦੀ ਸਿੱਧੀ ਬਿਜਾਈ ਵੀ ਕਰ ਸਕਦੇ ਹੋ ਜਾਂ ਪਨੀਰੀ ਬੀਜ ਸਕਦੇ ਹੋ। ਤੀਜਾ ਨੁਕਤਾ ਇਹ ਕਿ ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ ਵੀ ਟਰਾਈਕੋਡਰਮਾ ਹਾਰਜ਼ੀਐਨਮ (15 ਗ੍ਰਾਮ ਪ੍ਰਤੀ ਲਿਟਰ ਪਾਣੀ ) ਦੇ ਘੋਲ ਵਿੱਚ 6 ਘੰਟੇ ਲਈ ਡੁਬੋ ਕੇ ਸੋਧਣਾ ਬਹੁਤ ਜਰੂਰੀ ਹੈ। ਅਕਸਰ ਕਿਸਾਨ ਬੀਜ ਦੀ ਸੋਧ ਤਾਂ ਕਰ ਲੈਂਦੇ ਹਨ ਪਰ ਪਨੀਰੀ ਦੀਆਂ ਜੜ੍ਹਾਂ ਦੀ ਸੋਧ ਨਹੀਂ ਕਰਦੇ ਜਿਸ ਕਰਕੇ ਇਸ ਰੋਗ ਤੇ ਚੰਗੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਦਾ।
ਝੰਡਾ ਰੋਗ ਨੂੰ ਚੰਗੀ ਤਰ੍ਹਾਂ ਕਾਬੂ ਕਰਨ ਲਈ ਬੀਜ ਦੀ ਸੋਧ ਤੋਂ ਇਲਾਵਾ ਪਨੀਰੀ ਦੀਆਂ ਜੜ੍ਹਾਂ ਦੀ ਸੋਧ ਕਰਨਾ ਬਹੁਤ ਜਰੂਰੀ ਹੈ।ਇਸ ਤੋਂ ਇਲਾਵਾ ਪਨੀਰੀ ਅਤੇ ਖੇਤ ਵਿੱਚੋਂ ਝੰਡਾ ਰੋਗ ਵਾਲੇ ਬੂਟੇ ਨਜ਼ਰ ਆਉਣ ਤੇ ਉਨ੍ਹਾਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਨਾਲ ਬਿਮਾਰੀ ਦੀ ਲਾਗ ਨੂੰ ਘਟਾਇਆ ਜਾ ਸਕਦਾ ਹੈ।
ਸੰਪਰਕ : 94637-47280