ਬਸੰਤ ਖੋਲਣਾ : ਸਿੱਖ ਸੰਗੀਤ ਦੀ ਵਿਸ਼ੇਸ਼ ਪਰੰਪਰਾ
*ਡਾ. ਗੁਰਦੇਵ ਸਿੰਘ
ਬਸੰਤ ਰਾਗ ਇੱਕ ਮੌਸਮੀ ਰਾਗ ਹੈ ਜੋ ਕਿ ਬਸੰਤ ਰੁੱਤ ਵਿੱਚ ਵਿਸ਼ੇਸ਼ ਰੂਪ ਵਿੱਚ ਗਾਇਆ ਜਾਂਦਾ ਹੈ। ਸਿੱਖ ਕੀਰਤਨੀਏ ਵੀ ਬਸੰਤ ਰੁੱਤ ਵਿੱਚ ਇਸ ਰਾਗ ਦਾ ਵਿਸ਼ੇਸ਼ ਰੂਪ ਵਿੱਚ ਗਾਇਨ ਕਰਦੇ ਹਨ। ਸਿੱਖ ਕੀਰਤਨ ਪਰੰਪਰਾ ਵਿੱਚ ਤਾਂ ਬਸੰਤ ਦੀ ਕੀਰਤਨ ਚੌਕੀ ਦਾ ਵਿਸ਼ੇਸ਼ ਰੂਪ ਵਿੱਚ ਪ੍ਰਚਲਨ ਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦਾ ਸੰਕਲਨ ਹੀ ਸੰਗੀਤਮਈ ਹੈ। ਸਾਰੀ ਹੀ ਬਾਣੀ ਨੂੰ ਵੱਖ ਵੱਖ 31 ਮੁੱਖ ਰਾਗਾਂ ਵਿੱਚ ਸੰਪਾਦਿਤ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਅਨੁਸਾਰ 25ਵਾਂ ਰਾਗ ਬਸੰਤ ਹੈ। ਸਿੱਖ ਸੰਗੀਤ ਵਿੱਚ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਹੀ ਰਾਗਾਂ ਦੀ ਆਪਣੀ ਖਾਸ ਮਹੱਤਤਾ ਹੈ ਪਰ ਸਿੱਖ ਕੀਰਤਨ ਵਿੱਚ ਬਸੰਤ ਰਾਗ ਨਾਲ ਸੰਬੰਧਤ ਇੱਕ ਵਿਸ਼ੇਸ਼ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ। ਬਸੰਤ ਰਾਗ ਦਾ ਗਾਇਨ ਪ੍ਰਾਰੰਭ ਕਰਨ ਦੀ ਵਿਸ਼ੇਸ਼ ਰੀਤ ਸਿੱਖ ਧਰਮ ਵਿੱਚ ਪ੍ਰਚਲਿਤ ਹੈ। ਇਸ ਰਾਗ ਦੇ ਗਾਇਨ ਦਾ ਪ੍ਰਾਰੰਭ ਲੋਹੜੀ ਵਾਲੀ ਰਾਤ ਨੂੰ ਮਾਘੀ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਵਿਸ਼ੇਸ਼ ਰੂਪ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅਰਦਾਸ ਕਰਕੇ ਕੀਤਾ ਜਾਂਦਾ ਹੈ। ਇਸ ਸਾਰੀ ਪ੍ਰਕ੍ਰਿਆ ਨੂੰ ਬਸੰਤ ਖੋਲਣਾ ਆਖਿਆ ਜਾਂਦਾ ਹੈ। ਇਸ ਦਿਨ ਤੋਂ ਬਾਅਦ ਹਰ ਗੁਰੂ ਕੇ ਕੀਰਤਨੀਏ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਜਦੋਂ ਵੀ ਸ਼ਬਦ ਕੀਰਤਨ ਦੀ ਹਾਜ਼ਰੀ ਭਰੇ ਤਾਂ ਬਸੰਤ ਰਾਗ ਵਿੱਚ ਕੀਰਤਨ ਜ਼ਰੂਰ ਕਰੇ। ਇਹ ਕ੍ਰਿਰਿਆ ਲਗਭਗ ਤਿੰਨ ਮਹੀਨੇ ਹੋਲੇ ਮਹੱਲੇ ਤਕ ਨਿਰੰਤਰ ਚਲਦੀ ਹੈ। ਹੋਲੇ ਮਹੱਲੇ ‘ਤੇ ਵਿਸ਼ੇਸ਼ ਰੂਪ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਦਾਸ ਕਰਕੇ ਇਸ ਰਾਗ ਨੂੰ ਸੰਤੋਖਿਆ ਵੀ ਜਾਂਦਾ ਹੈ। ਇਸ ਰਾਗ ਦੇ ਨਾਲ ਸਬੰਧਤ ਸਿੱਖ ਕੀਰਤਨੀਆਂ ਵਿੱਚ ਇੱਕ ਹੋਰ ਵੀ ਧਾਰਨਾ ਇਹ ਵੀ ਪ੍ਰਚਲਿਤ ਹੈ ਕਿ ਬਸੰਤ ਰਾਗ ਦੇ ਨਾਲ ਕਦੀ ਵੀ ਸਾਰੰਗ ਰਾਗ ਦਾ ਗਾਇਨ ਨਹੀਂ ਕੀਤਾ ਜਾਂਦਾ। ਇਸ ਰਾਗ ਸੰਬੰਧੀ ਹੋਰ ਜਾਣਕਰੀ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਜੀ।
https://scooppunjab.com/global/26th-raag-basant-of-sri-guru-granth-sahib_dr-gurnam-singh/