ਨਵੀ ਦਿੱਲੀ, 22 ਮਾਰਚ: ਬੈਂਕ ਖਾਤਾਧਾਰਕਾਂ ਅਤੇ ਗਾਹਕਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਬੈਂਕਾਂ ਦੀ ਪ੍ਰਸਤਾਵਿਤ ਦੇਸ਼ ਵਿਆਪੀ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਯੂਨਾਈਟਿਡ ਫੋਰਮ ਆਫ ਯੂਨੀਅਨਜ਼ ਨੇ 24 ਮਾਰਚ ਅਤੇ 25 ਮਾਰਚ ਨੂੰ ਪ੍ਰਸਤਾਵਿਤ ਦੇਸ਼ ਵਿਆਪੀ ਬੈਂਕ ਹੜਤਾਲ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਅਤੇ ਬੈਂਕ ਯੂਨੀਅਨ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਮਿਲੇ ਭਰੋਸੇ ਤੋਂ ਬਾਅਦ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ।
ਬੈਂਕ ਯੂਨੀਅਨ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਨੇ ਦੋ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਸੀ। ਵਿੱਤ ਮੰਤਰਾਲੇ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਮੰਗਾਂ ਨੂੰ ਲੈ ਕੇ ਦਿੱਤੇ ਭਰੋਸੇ ਤੋਂ ਬਾਅਦ ਬੈਂਕ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਵਿੱਤ ਮੰਤਰੀ ਅਤੇ ਵਿੱਤ ਸਕੱਤਰ ਨਾਲ ਪੰਜ ਦਿਨਾਂ ਬੈਂਕਿੰਗ ਦੇ ਮੁੱਦੇ ’ਤੇ ਸਕਾਰਾਤਮਕ ਚਰਚਾ ਹੋਈ। ਬੈਂਕ ਵਿੱਚ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਵਿੱਤੀ ਸੇਵਾਵਾਂ ਵਿਭਾਗ ਦੇ ਪ੍ਰਤੀਨਿਧਾਂ ਨੇ ਭਾਗ ਲਿਆ।
ਹੁਣ 24 ਅਤੇ 25 ਮਾਰਚ ਨੂੰ ਬੈਂਕਾਂ ਵਿੱਚ ਕੰਮਕਾਜ ਆਮ ਦਿਨਾਂ ਵਾਂਗ ਚੱਲੇਗਾ। ਬੈਂਕਿੰਗ ਸੰਚਾਲਨ ਹੁਣ ਦੇਸ਼ ਭਰ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਵਿੱਚ ਨਿਯਮਤ ਤੌਰ ‘ਤੇ ਕਰਵਾਏ ਜਾਣਗੇ।