ਅੱਜ ਅਤੇ ਭਲਕੇ ਭਾਰਤ ਬੰਦ, ਬੈਂਕਿੰਗ-ਬੀਮਾ ਤੋਂ ਲੈ ਕੇ ਇਹ ਸਾਰੀਆਂ ਸੇਵਾਵਾਂ ਹੋਣਗੀਆਂ ਪ੍ਰਭਾਵਿਤ

TeamGlobalPunjab
3 Min Read

ਨਿਊਜ਼ ਡੈਸਕ- ਯੂਨਾਈਟਿਡ ਫਰੰਟ ਆਫ ਸੈਂਟਰਲ ਟਰੇਡ ਯੂਨੀਅਨਜ਼ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਅੱਜ ਅਤੇ ਭਲਕੇ ਦੇਸ਼ ਵਿਆਪੀ ਬੰਦ ਦਾ ਸੱਦਾ ਦਿੱਤਾ ਹੈ। ਬੰਦ ਕਾਰਨ ਬੈਂਕਾਂ ਦਾ ਕੰਮਕਾਜ ਵੀ ਦੋ ਦਿਨ ਠੱਪ ਹੋ ਸਕਦਾ ਹੈ ਕਿਉਂਕਿ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ। ਟਰੇਡ ਯੂਨੀਅਨਾਂ ਸਰਕਾਰ ਦੀਆਂ ਕੁਝ ਨੀਤੀਆਂ ਨੂੰ ਤੁਰੰਤ ਬਦਲਣ ਦੀ ਮੰਗ ਕਰ ਰਹੀਆਂ ਹਨ। ਟਰੇਡ ਯੂਨੀਅਨਾਂ ਨੇ ਸਰਕਾਰ ਤੋਂ ਲੇਬਰ ਕੋਡ ਨੂੰ ਖ਼ਤਮ ਕਰਨ, ਕਿਸੇ ਵੀ ਨਿੱਜੀਕਰਨ ਨੂੰ ਤੁਰੰਤ ਬੰਦ ਕਰਨ, ਰਾਸ਼ਟਰੀ ਮੁਦਰੀਕਰਨ ਪਾਈਪਲਾਈਨ (ਐਨਐਮਪੀ) ਨੂੰ ਖ਼ਤਮ ਕਰਨ ਅਤੇ ਮਨਰੇਗਾ ਤਹਿਤ ਉਜਰਤਾਂ ਦੀ ਵੰਡ ਨੂੰ ਵਧਾਉਣ ਅਤੇ ਠੇਕੇ ਵਾਲੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਹੈ।

ਵਪਾਰ ਮੰਡਲ ਨੇ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਰੋਡਵੇਜ਼, ਟਰਾਂਸਪੋਰਟ ਅਤੇ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਬੰਦ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਬੈਂਕਿੰਗ ਅਤੇ ਬੀਮਾ ਕੰਪਨੀਆਂ ਵੀ ਬੰਦ ਵਿੱਚ ਸ਼ਾਮਲ ਹੋਣਗੀਆਂ। ਟਰੇਡ ਯੂਨੀਅਨ ਨੇ ਕੋਲਾ, ਤੇਲ, ਡਾਕ, ਆਮਦਨ ਕਰ ਅਤੇ ਟੈਕਸ ਵਰਗੀਆਂ ਯੂਨੀਅਨਾਂ ਨੂੰ ਵੀ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਰੇਲਵੇ ਅਤੇ ਡਿਫੈਂਸ ਨਾਲ ਸਬੰਧਤ ਯੂਨੀਅਨਾਂ ਵੀ ਦੋ ਦਿਨਾਂ ਤੱਕ ਦੇਸ਼ ਭਰ ਵਿੱਚ ਥਾਂ-ਥਾਂ ਹੜਤਾਲਾਂ ਅਤੇ ਧਰਨੇ ਦੇਣਗੀਆਂ।

ਬੈਂਕਿੰਗ ਸੈਕਟਰ ਵਿੱਚ ਐਸਬੀਆਈ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਬੰਦ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਜਨਤਕ ਖੇਤਰ ਦੇ ਬੈਂਕ ਨਿੱਜੀਕਰਨ ਦੇ ਫੈਸਲੇ ਅਤੇ ਬੈਂਕਿੰਗ ਕਾਨੂੰਨ ਸੋਧ ਬਿੱਲ-2021 ਦੇ ਵਿਰੋਧ ਵਿੱਚ ਹੜਤਾਲ ‘ਤੇ ਹਨ। ਪੰਜਾਬ ਨੈਸ਼ਨਲ ਬੈਂਕ ਅਤੇ ਕੇਨਰਾ ਬੈਂਕ ਨੇ ਵੀ ਹੜਤਾਲ ਕਾਰਨ ਆਮ ਕੰਮਕਾਜ ਪ੍ਰਭਾਵਿਤ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।

ਆਲ ਇੰਡੀਅਨ ਟਰੇਡ ਯੂਨੀਅਨ ਕਾਂਗਰਸ ਦੀ ਜਨਰਲ ਸਕੱਤਰ ਅਮਰਜੀਤ ਕੌਰ ਅਨੁਸਾਰ ਦੇਸ਼ ਭਰ ਤੋਂ ਕਰੀਬ 20 ਕਰੋੜ ਵਰਕਰ-ਮਜ਼ਦੂਰ ਰਸਮੀ-ਗੈਰ-ਰਸਮੀ ਤੌਰ ‘ਤੇ ਬੰਦ ਵਿੱਚ ਸ਼ਾਮਲ ਹੋਣਗੇ। ਦੂਜੇ ਪਾਸੇ ਭਾਰਤੀ ਮਜ਼ਦੂਰ ਸੰਘ ਇਸ ਬੰਦ ਦੇ ਖਿਲਾਫ਼ ਹੈ। ਭਾਰਤੀ ਮਜ਼ਦੂਰ ਸੰਘ ਦਾ ਕਹਿਣਾ ਹੈ ਕਿ ਇਹ ਹੜਤਾਲ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਇਸ ਦਾ ਮਕਸਦ ਸਿਆਸੀ ਲਾਹਾ ਲੈਣਾ ਹੈ, ਇਸ ਲਈ ਉਹ ਇਸ ਬੰਦ ਵਿੱਚ ਸ਼ਾਮਲ ਨਹੀਂ ਹੋਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment