ਨਿਊਜ਼ ਡੈਸਕ: ਬੈਂਕ ਲਾਕਰਾਂ ਨੂੰ ਲੈ ਕੇ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਜੇਕਰ ਤੁਸੀਂ ਵੀ ਬੈਂਕ ਲਾਕਰ ‘ਚ ਸਾਮਾਨ ਰੱਖਦੇ ਹੋ ਜਾਂ ਰੱਖਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਅਹਿਮ ਖਬਰ ਹੈ। RBI ਦੇ ਨਿਯਮਾਂ ਅਨੁਸਾਰ 1 ਜਨਵਰੀ 2023 ਤੋਂ ਰਿਜ਼ਰਵ ਬੈਂਕ ਲਾਕਰ ਨਾਲ ਜੁੜੇ ਨਿਯਮਾਂ ‘ਚ ਬਦਲਾਅ ਹੋਣ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਗਾਹਕਾਂ ‘ਤੇ ਪਵੇਗਾ। ਬੈਂਕ ਗਾਹਕਾਂ ਨੂੰ ਇਸ ਨਿਯਮ ਦਾ ਵੱਡਾ ਲਾਭ ਮਿਲੇਗਾ।
ਇਸ ਨਿਯਮ ਦੇ ਮੁਤਾਬਕ ਜੇਕਰ ਲਾਕਰ ‘ਚ ਰੱਖੇ ਸਾਮਾਨ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਬੈਂਕ ਨੂੰ ਇਸ ਦੀ ਭਰਪਾਈ ਕਰਨੀ ਪਵੇਗੀ। ਇੰਨਾ ਹੀ ਨਹੀਂ ਗਾਹਕਾਂ ਨੂੰ 31 ਦਸੰਬਰ ਤੱਕ ਇਕ ਸਮਝੌਤੇ ‘ਤੇ ਦਸਤਖਤ ਕਰਨੇ ਹੋਣਗੇ, ਜਿਸ ‘ਚ ਲਾਕਰ ਦੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਬੈਂਕ ਗਾਹਕਾਂ ਨੂੰ ਉਨ੍ਹਾਂ ਦੀਆਂ ਜ਼ਰੂਰੀ ਚੀਜ਼ਾਂ ਬਾਰੇ ਹਮੇਸ਼ਾ ਅਪਡੇਟ ਕੀਤਾ ਜਾਵੇਗਾ।ਨਵੇਂ ਸਾਲ ਯਾਨੀ 1 ਜਨਵਰੀ, 2023 ਤੋਂ ਪਹਿਲਾਂ, ਲਾਕਰ ਮਾਲਕਾਂ ਨੂੰ ਇੱਕ ਸਮਝੌਤਾ ਕਰਵਾਉਣਾ ਹੋਵੇਗਾ, ਅਤੇ ਇਸਦੇ ਲਈ ਉਨ੍ਹਾਂ ਦਾ ਯੋਗ ਹੋਣਾ ਜ਼ਰੂਰੀ ਹੈ। ਬੈਂਕਾਂ ਵੱਲੋਂ ਗਾਹਕਾਂ ਨੂੰ ਲਾਕਰ ਐਗਰੀਮੈਂਟ ਕਰਵਾਉਣ ਲਈ ਸੁਨੇਹੇ ਵੀ ਭੇਜੇ ਜਾ ਰਹੇ ਹਨ। ਪੰਜਾਬ ਨੈਸ਼ਨਲ ਬੈਂਕ (PNB) ਵੀ ਆਪਣੇ ਗਾਹਕਾਂ ਨੂੰ ਅਲਰਟ ਭੇਜ ਰਿਹਾ ਹੈ, ਜਿਸ ਵਿੱਚ ਲਿਖਿਆ ਹੈ, ‘RBI ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਨਵਾਂ ਲਾਕਰ ਸਮਝੌਤਾ 31 ਦਸੰਬਰ 2022 ਤੋਂ ਪਹਿਲਾਂ ਲਾਗੂ ਕਰਨਾ ਹੋਵੇਗਾ।’
RBI ਦੇ ਨਵੇਂ ਨਿਯਮਾਂ ਮੁਤਾਬਕ ਹੁਣ ਗਾਹਕਾਂ ਨੂੰ ਵੱਡਾ ਫਾਇਦਾ ਮਿਲੇਗਾ। ਅਸਲ ‘ਚ ਜੇਕਰ ਬੈਂਕ ਦੀ ਲਾਪਰਵਾਹੀ ਕਾਰਨ ਲਾਕਰ ‘ਚ ਰੱਖਿਆ ਸਮਾਨ ਖਰਾਬ ਹੁੰਦਾ ਹੈ ਤਾਂ ਬੈਂਕ ਨੂੰ ਭੁਗਤਾਨ ਕਰਨਾ ਪਵੇਗਾ। ਮਤਲਬ ਹੁਣ ਨਵੇਂ ਨਿਯਮ ਮੁਤਾਬਕ ਬੈਂਕ ਦੀ ਜ਼ਿੰਮੇਵਾਰੀ ਵਧ ਗਈ ਹੈ। ਇੰਨਾ ਹੀ ਨਹੀਂ ਬੈਂਕ ਦੇ ਕਰਮਚਾਰੀਆਂ ਵੱਲੋਂ ਧੋਖਾਧੜੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਵੀ ਬੈਂਕ ਕਰੇਗਾ। ਇਸ ਦੇ ਤਹਿਤ ਬੈਂਕ ਦੀ ਦੇਣਦਾਰੀ ਲਾਕਰ ਦੇ ਸਾਲਾਨਾ ਕਿਰਾਏ ਤੋਂ 100 ਗੁਣਾ ਤੱਕ ਹੋਵੇਗੀ।