ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -74
ਸਲੋਕ ੫੧ ਤੇ ੫੨ ਦੀ ਵਿਚਾਰ
ਡਾ. ਗੁਰਦੇਵ ਸਿੰਘ*
ਸੰਸਾਰ ਵਿੱਚ ਜੋ ਪ੍ਰਾਣੀ ਆਇਆ ਹੈ ਉਸ ਨੇ ਇੱਕ ਦਿਨ ਜ਼ਰੂਰ ਖਤਮ ਹੋ ਜਾਣਾ ਹੈ। ਇਹ ਸੰਸਾਰ ਦੀ ਰੀਤ ਹੈ ਪਰ ਮਨੁੱਖ ਇਸ ਗੱਲ ਨੂੰ ਭੁੱਲ ਜਾਂਦਾ ਹੈ ਤੇ ਨਕਲੀ ਨੂੰ ਅਸਲੀ ਸਮਝਣ ਦੀ ਭੁੱਲ ਕਰ ਬੈਠਦਾ ਹੈ ਜਦੋਂ ਕਿ ਗੁਰਬਾਣੀ ਸਾਨੂੰ ਵਾਰ ਵਾਰ ਇਸ ਤੋਂ ਅਗਾਹ ਕਰਦੀ ਹੈ।
ਨੌਵੇਂ ਮਹਲੇ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵਿਚਾਰ ਦੀ ਲੜੀ ਅਧੀਨ ਅਸੀਂ ਅੱਜ ਨੌਵੇਂ ਮਹਲੇ ਦੇ 57 ਸਲੋਕਾਂ ਵਿਚਲੇ 51 ਤੋਂ 52 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ। ਇਨ੍ਹਾਂ ਸਲੋਕਾਂ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਚਿੰਤਾ ਛੱਡ ਵਾਹਿਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦੇ ਰਹੇ ਹਨ:
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥
ਹੇ ਨਾਨਕ! (ਆਖ– ਹੇ ਭਾਈ! ਮੌਤ ਆਦਿਕ ਤਾਂ) ਉਸ (ਘਟਨਾ) ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਨ ਵਾਲੀ ਨਾਹ ਹੋਵੇ। ਜਗਤ ਦੀ ਤਾਂ ਚਾਲ ਹੀ ਇਹ ਹੈ ਕਿ (ਇਥੇ) ਕੋਈ ਜੀਵ (ਭੀ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ।51।
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥੫੨॥
ਹੇ ਨਾਨਕ! (ਆਖ– ਹੇ ਭਾਈ! ਜਗਤ ਵਿਚ ਤਾਂ) ਜਿਹੜਾ ਭੀ ਜੰਮਿਆ ਹੈ ਉਹ (ਜ਼ਰੂਰ) ਨਾਸ ਹੋ ਜਾਇਗਾ (ਹਰ ਕੋਈ ਇਥੋਂ) ਅੱਜ ਜਾਂ ਭਲਕੇ ਕੂਚ ਕਰ ਜਾਣ ਵਾਲਾ ਹੈ। (ਇਸ ਵਾਸਤੇ ਮਾਇਆ ਦੇ ਮੋਹ ਦੀਆਂ) ਸਾਰੀਆਂ ਫਾਹੀਆਂ ਲਾਹ ਕੇ ਪਰਮਾਤਮਾ ਦੇ ਗੁਣ ਗਾਇਆ ਕਰ।52।
ਉਕਤ ਸਲੋਕਾਂ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਉਪਦੇਸ਼ ਰਹੇ ਹਨ ਕਿ ਹੇ ਭਾਈ ਜੋ ਵੀ ਵੱਡੀ ਘਟਨਾ ਹੁੰਦੀ ਹੈ ਚਾਹੇ ਉਹ ਮੌਤ ਹੀ ਕਿਉਂ ਹੀ ਨਹੀਂ ਹੋਵੇ ਇਸ ਦਾ ਸਾਨੂੰ ਦੁੱਖ ਹੁੰਦਾ ਹੈ ਤੇ ਚਿੰਤਾ ਵੀ ਹੁੰਦੀ ਹੈ ਇਹ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕਿਹੜੀ ਪਹਿਲੀ ਵਾਰ ਵਾਪਰੀ ਹੈ। ਇਹ ਤਾਂ ਸੰਸਾਰ ਦੀ ਰੀਤ ਹੈ ਇਸ ਸੰਸਾਰ ਵਿੱਚ ਕੁਝ ਵੀ ਸਥਿਰ ਨਹੀਂ ਹੈ। ਇਸ ਸੰਸਾਰ ਵਿੱਚ ਜੋ ਉਪਜਿਆ ਹੈ ਉਸ ਨੇ ਖਤਮ ਜ਼ਰੂਰ ਹੋ ਜਾਣਾ ਹੈ । ਇਸ ਲਈ ਜ਼ਰੂਰੀ ਹੈ ਵਾਹਿਗੁਰੂ ਦੀ ਰਜਾ ਵਿੱਚ ਰਹਿੰਦੇ ਹੋਏ ਉਸ ਦੀ ਯਾਦ ਨੂੰ ਆਪਣੇ ਦਿਲ ਵਿੱਚ ਵਸਾ ਰੱਖਣਾ ਚਾਹੀਦਾ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ।ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ।ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥