-ਡਾ. ਗੁਰਦੇਵ ਸਿੰਘ
ਇਹ ਹੈ ਧਾਰਮਿਕ ਗ੍ਰੰਥਾਂ ਨੂੰ ਪੜਨ ਦਾ ਅਸਲ ਲਾਭ
ਦੁੱਖ ਸੁੱਖ ਉਸਤਤ ਨਿੰਦਾ, ਖੁਸ਼ੀ-ਗ਼ਮੀ, ਸੁਰਗ-ਨਰਗ ਆਦਿ ਤੋਂ ਜੋ ਪ੍ਰਾਣੀ ਉਪਰ ਉੱਠਦਾ ਹੈ, ਉਸ ਮਨੁੱਖ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਿਸ਼ੇਸ਼ ਕਰਕੇ ਸਹਿਲਾਇਆ ਹੈ। ਕਿਹੋ ਜਿਹੇ ਹੁੰਦੇ ਹਨ ਉਹ ਮਨੁੱਖ ਜੋ ਅਸਲ ਵਿੱਚ ਉਸ ਅਕਾਲ ਪੁਰਖ ਦਾ ਰੂਪ ਹੁੰਦੇ ਹਨ ਜਾਂ ਫਿਰ ਸਾਨੂੰ ਉਸ ਅਕਾਲ ਪੁਰਖ ਦਾ ਰੂਪ ਹੋਣ ਲਈ ਕਿਹੜੇ ਗੁਣ ਆਪਣਾਉਂਣੇ ਪੈਣਗੇ?
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਵੀਚਾਰ ਦੀ ਪਾਵਨ ਲੜੀ ਅਧੀਨ ਅੱਜ ਅਸੀਂ ਨੌਵੇਂ ਮਹੱਲੇ ਦੀ ਬਾਣੀ ਦਾ ਸੱਤਵਾਂ ਸ਼ਬਦ ਸਾਧੋ ਰਾਮ ਸਰਨਿ ਬਿਸਰਾਮਾ ॥ ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ॥੧॥ ਦੀ ਵੀਚਾਰ ਕਰਾਂਗੇ ਜੋ ਗਉੜੀ ਰਾਗ ਅਧੀਨ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 220 ‘ਤੇ ਅੰਕਿਤ ਹੈ। ਇਸ ਸ਼ਬਦ ਵਿੱਚ ਨੌਵੇਂ ਨਾਨਕ ਵਿਸ਼ੇਸ਼ ਕਿਰਪਾ ਕਰਦੇ ਹੋਏ ਸਾਨੂੰ ਧਾਰਮਿਕ ਗ੍ਰੰਥ ਪੜਨ ਦਾ ਅਸਲ ਲਾਭ ਵੀ ਸਮਝਾ ਰਹੇ ਹਨ:
ਗਉੜੀ ਮਹਲਾ ੯॥
- Advertisement -
ਸਾਧੋ ਰਾਮ ਸਰਨਿ ਬਿਸਰਾਮਾ॥
ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ॥੧॥ਰਹਾਉ॥
ਹੇ ਸੰਤ ਜਨੋ! ਪਰਮਾਤਮਾ ਦੀ ਸਰਨ ਪਿਆਂ ਹੀ (ਵਿਕਾਰਾਂ ਵਿਚ ਭਟਕਣ ਵਲੋਂ) ਸ਼ਾਂਤੀ ਪ੍ਰਾਪਤ ਹੁੰਦੀ ਹੈ। ਵੇਦ ਪੁਰਾਣ (ਆਦਿਕ ਧਰਮ-ਪੁਸਤਕਾਂ) ਪੜ੍ਹਨ ਦਾ ਇਹੀ ਲਾਭ (ਹੋਣਾ ਚਾਹੀਦਾ) ਹੈ ਕਿ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਰਹੇ।1। ਰਹਾਉ।
ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ॥
ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ॥੧॥
- Advertisement -
(ਹੇ ਸੰਤ ਜਨੋ!) ਲੋਭ, ਮਾਇਆ ਦਾ ਮੋਹ, ਅਪਣੱਤ ਅਤੇ ਵਿਸ਼ਿਆਂ ਦਾ ਸੇਵਨ, ਖ਼ੁਸ਼ੀ, ਗ਼ਮੀ = (ਇਹਨਾਂ ਵਿਚੋਂ ਕੋਈ ਭੀ) ਜਿਸ ਮਨੁੱਖ ਨੂੰ ਛੁਹ ਨਹੀਂ ਸਕਦਾ (ਜਿਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ) ਉਹ ਮਨੁੱਖ ਪਰਮਾਤਮਾ ਦਾ ਰੂਪ ਹੈ।1।
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ॥
ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ॥੨॥
(ਹੇ ਸੰਤ ਜਨੋ! ਉਹ ਮਨੁੱਖ ਪਰਮਾਤਮਾ ਦਾ ਰੂਪ ਹੈ ਜਿਸ ਨੂੰ) ਸੁਰਗ ਅਤੇ ਨਰਕ ਅੰਮ੍ਰਿਤ ਅਤੇ ਜ਼ਹਰ ਇਕੋ ਜਿਹੇ ਜਾਪਦੇ ਹਨ, ਜਿਸ ਨੂੰ ਸੋਨਾ ਅਤੇ ਤਾਂਬਾ ਇਕ ਸਮਾਨ ਪ੍ਰਤੀਤ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਉਸਤਤਿ ਤੇ ਨਿੰਦਾ ਭੀ ਇਕੋ ਜਿਹੇ ਹਨ (ਕੋਈ ਉਸ ਦੀ ਵਡਿਆਈ ਕਰੇ, ਕੋਈ ਉਸ ਦੀ ਨਿੰਦਾ ਕਰੇ = ਉਸ ਨੂੰ ਇਕ ਸਮਾਨ ਹਨ) , ਜਿਸ ਦੇ ਹਿਰਦੇ ਵਿਚ ਲੋਭ ਭੀ ਪ੍ਰਭਾਵ ਨਹੀਂ ਪਾ ਸਕਦਾ, ਮੋਹ ਭੀ ਪ੍ਰਭਾਵ ਨਹੀਂ ਪਾ ਸਕਦਾ।2।
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ॥
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ॥੩॥੭
(ਹੇ ਸੰਤ ਜਨੋ!) ਤੁਸੀ ਉਸ ਮਨੁੱਖ ਨੂੰ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਰੱਖਣ ਵਾਲਾ ਸਮਝੋ, ਜਿਸ ਨੂੰ ਨਾਹ ਕੋਈ ਦੁੱਖ ਤੇ ਨਾਹ ਕੋਈ ਸੁਖ (ਆਪਣੇ ਪ੍ਰਭਾਵ ਵਿਚ) ਬੰਨ੍ਹ ਨਹੀਂ ਸਕਦਾ। ਹੇ ਨਾਨਕ! (ਆਖ– ਹੇ ਸੰਤ ਜਨੋ! ਲੋਭ, ਮੋਹ, ਦੁੱਖ ਸੁੱਖ ਆਦਿਕ ਤੋਂ) ਖ਼ਲਾਸੀ ਉਸ ਮਨੁੱਖ ਨੂੰ (ਮਿਲੀ) ਮੰਨੋ, ਜੇਹੜਾ ਮਨੁੱਖ ਇਸ ਕਿਸਮ ਦੀ ਜੀਵਨ-ਜੁਗਤਿ ਵਾਲਾ ਹੈ।3।7।
ਧਾਰਮਿਕ ਗ੍ਰੰਥਾਂ ਨੂੰ ਪੜਨ ਦਾ ਤਾਂ ਹੀ ਲਾਭ ਹੈ ਜੇ ਅਸੀਂ ਉਸ ਅਕਾਲ ਪੁਰਖ ਦੀ ਯਾਦ ਨੂੰ ਸੀਨੇ ਵਿੱਚ ਵਸਾਵਾਂਗੇ। ਦੁੱਖ-ਸੁੱਖ, ਉਸਤਤ-ਨਿੰਦਾ, ਖੁਸ਼ੀ-ਗ਼ਮੀ, ਸੁਰਗ-ਨਰਗ ਆਦਿ ਤੋਂ ਜੋ ਪ੍ਰਾਣੀ ਉੱਪਰ ਉੱਠਦਾ ਹੈ, ਉਸ ਮਨੁੱਖ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਗਿਆਨੀ ਦਾ ਰੁਤਬਾ ਦਿੰਦੇ ਹਨ। ਅਜਿਹੇ ਰੁਤਬੇ ਵਾਲਾ ਜਾ ਅਵਸਥਾ ਵਾਲਾ ਮਨੁੱਖ ਹੀ ਉਸ ਅਕਾਲ ਦੇ ਸਰੂਪ ਵਿੱਚ ਅਭੇਦ ਹੁੰਦਾ ਹੈ।
ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤਾ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਦੀ ਇਹ ਪਾਵਨ ਲੜੀ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 6 ਵਜੇ ਆਪ ਸਭ ਦੇ ਸਨਮੁਖ ਲੈ ਕੇ ਹਾਜਰ ਹੁੰਦੇ ਹਾਂ। ਇਸ ਨੂੰ ਹੋਰ ਵਧੀਆ ਕਰਨ ਲਈ ਤੁਸੀਂ ਆਪਣੇ ਸੁਝਾਅ ਜ਼ਰੂਰ ਦੇਵੋ ਜੀ। ਤੁਹਾਡੇ ਸੁਝਾਅ ਸਾਡਾ ਰਾਹ ਰੁਸ਼ਨਾਉਂਣਗੇ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ