ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -69
ਸਲੋਕ ੩੨ ਤੇ ੩੪ ਦੀ ਵਿਚਾਰ
ਜਗਤ ਦੀ ਇਹ ਰੀਤ ਹੈ ਕਿ ਸੁੱਖ ਵਿੱਚ ਤਾਂ ਸਭ ਨਾਲ ਆ ਖੜਦੇ ਹਨ ਪਰ ਦੁੱਖ ਵਿੱਚ ਕੋਈ ਸਾਥ ਨਹੀਂ ਦਿੰਦਾ। ਜੇ ਕੋਈ ਖੜਦਾ ਵੀ ਹੈ ਤਾਂ ਆਪਣੇ ਕਿਸੇ ਸਵਾਰਥ ਲਈ ਹੀ ਖੜਦਾ ਹੈ। ਜਿਹੜਾ ਹਮੇਸ਼ਾਂ ਸਾਡਾ ਸਾਥ ਦਿੰਦਾ ਹੈ ਉਸ ਨੂੰ ਅਸੀਂ ਵਿਸਾਰੀ ਰੱਖਦੇ ਹਨ। ਅਸੀਂ ਜਗਤ ਵਿੱਚ ਹੋਰ ਵਸਤੂਆਂ ਪਿਛੇ ਹੀ ਖੁਆਰ ਹੋਈ ਜਾਂਦੇ ਹਾਂ ਪਰ ਆਪਣਾ ਅਸਲ ਨਿਸ਼ਾਨੇ ਨੂੰ ਭੁੱਲ ਜਾਂਦੇ ਹਾਂ।
ਨੌਵੇਂ ਮਹਲੇ ਦੇ ਸਲੋਕ ਜਿਨ੍ਹਾਂ ਨੂੰ ਅਸੀਂ ਭੋਗ ਦੇ ਸਲੋਕ ਵੀ ਆਖਦੇ ਹਾਂ ਉਨ੍ਹਾਂ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਇਹੀ ਸਮਝਾ ਰਹੇ ਹਨ। ਅੱਜ ਅਸੀਂ ਸ਼ਬਦ ਵਿਚਾਰ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ 32 ਤੋਂ 34 ਤਕ ਦੇ ਸਲੋਕਾਂ ਦੀ ਵਿਚਾਰ ਕਰਾਂਗੇ।
ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ॥
ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥
ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ। (ਦੁਨੀਆ ਵਿਚ ਤਾਂ) ਸੁੱਖ ਵੇਲੇ ਅਨੇਕ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ।32।
ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ॥
ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥੩੩॥
ਹੇ ਭਾਈ! (ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ।33।
ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥
ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ॥੩੪॥
ਹੇ ਨਾਨਕ! (ਆਖ-) ਹੇ ਭਗਵਾਨ! ਮੈਂ ਅਨੇਕਾਂ (ਹੋਰ ਹੋਰ) ਜਤਨ ਕਰ ਚੁੱਕਾ ਹਾਂ (ਉਹਨਾਂ ਜਤਨਾਂ ਨਾਲ) ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ, (ਇਹ ਮਨ) ਖੋਟੀ ਮਤਿ ਨਾਲ ਚੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ! (ਤੂੰ ਆਪ ਹੀ) ਰੱਖਿਆ ਕਰ।34।
ਨੌਵੇਂ ਪਾਤਸ਼ਾਹ ਉਕਤ ਸਲੋਕਾਂ ਵਿੱਚ ਮਨੁੱਖ ਨੂੰ ਸਮਝਾਉਣਾ ਕਰ ਰਹੇ ਹਨ ਕਿ ਹੇ ਭਾਈ ਇਸ ਸੰਸਾਰ ਵਿੱਚ ਤੇਰਾ ਅਸਲ ਸੰਗੀ ਸਾਥੀ ਕੇਵਲ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ ਜਿਹੜੇ ਤੇਰੇ ਦੁੱਖ ਸੁੱਖ ਤੇ ਅੰਤ ਸਮੇਂ ਸਾਥ ਦੇਵੇਗਾ। ਉਸ ਦੇ ਭਜਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ, ਜਮਾਂ ਦਾ ਡਰ ਨਹੀਂ ਰਹਿੰਦਾ, ਭੈੜੀ ਮਤ ਦੂਰ ਹੋ ਜਾਂਦੀ ਹੈ। ਸੋ ਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਉਸ ਪ੍ਰਮਾਤਮਾ ਦੇ ਲੜ ਲੱਗ ਜੋ ਹਰ ਜਗਾ ਤੇਰਾ ਸਹਾਈ ਹੁੰਦਾ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ।ਸਾਨੂੰ ਖੁਸ਼ੀ ਹੋਵੇਗੀ।ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥