Shabad Vichaar 60-ਸਲੋਕ ੧ ਤੇ ੨ ਦੀ ਵਿਚਾਰ

TeamGlobalPunjab
4 Min Read

ਨੌਵੇਂ ਮਹਲੇ ਦੇ 57 ਸਲੋਕਾਂ ਦੀ ਲੜੀਵਾਰ ਵਿਚਾਰ – Shabad Vichaar -60

ਸਲੋਕ ਤੇ ਦੀ ਵਿਚਾਰ

ਡਾ. ਗੁਰਦੇਵ ਸਿੰਘ*

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਵਲੋਂ ਉਚਾਰਨ ਕੀਤੇ 57 ਸਲੋਕਾਂ ਦੀ ਵਿਚਾਰ ਪ੍ਰਾਰੰਭ ਕਰਨ ਜਾ ਰਹੇ ਹਾਂ। ਭਾਵੇਂ ਸਾਰੀ ਹੀ ਗੁਰਬਾਣੀ ਅਤਿਸਤਿਕਾਰਤ ਹੈ ਪ੍ਰੰਤੂ ਨੌਵੇਂ ਮਹਲੇ ਦੇ ਸਲੋਕਾਂ ਨੂੰ ਸਿੱਖ ਸੰਗਤਾਂ ਵਿਸ਼ੇਸ਼ ਰੂਪ ਵਿੱਚ ਸੁਣਦੀਆਂ ਤੇ ਪੜ੍ਹਦੀਆਂ ਹਨ। ਇਨ੍ਹਾਂ ਸਲੋਕਾਂ ਨੂੰ ਭੋਗ ਦੇ ਸਲੋਕ ਵੀ ਆਖਿਆ ਜਾਂਦਾ ਹੈ। ਨੌਵੇਂ ਪਾਤਸ਼ਾਹ ਦੇ ਇਹ ਸਲੋਕ ਵੈਰਾਗ ਤੇ ਸ਼ਾਂਤ ਰਸ ਭਰਪੂਰ ਹਨ। ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਵਿਸਮਾਦੀ ਅਵਸਥਾ ਵਿੱਚ ਚਲਾ ਜਾਂਦਾ ਹੈ। ਇਨ੍ਹਾਂ ਸਲੋਕਾਂ ਦੇ ਕੇਵਲ ਪਾਠ ਕਰਨ ਦੇ ਨਾਲ ਹੀ ਜ਼ਿੰਦਗੀ ਦੀ ਅਸਲ ਸਚਾਈ ਦਾ ਪਤਾ ਸਹਿਜੇ ਹੀ ਲੱਗ ਜਾਂਦਾ ਹੈ ਪਰ ਜੇ ਅਰਥ ਕੀਤੇ ਜਾਣ ਤਾਂ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੈ।

ਸ਼ਬਦ ਵਿਚਾਰ ਦੀ ਲੜੀ ਦੇ ਅੰਤਰਗਤ ਜਿੱਥੇ ਅਸੀਂ ਅੱਜ 60ਵੇਂ ਸ਼ਬਦ ਦੀ ਵਿਚਾਰ ਕਰਾਂਗੇ ਉੱਥੇ ਨੌਵੇਂ ਗੁਰੂ ਦੇ 57 ਸਲੋਕਾਂ ਵਿੱਚੋਂ ਅੱਜ ਪਹਿਲੇ ਅਤੇ ਦੂਜੇ ਸਲੋਕ ਦੀ ਵਿਚਾਰ ਕਰਾਂਗਾ। ਇਨ੍ਹਾਂ ਪਹਿਲੇ ਦੋਵੇਂ ਸਲੋਕਾਂ ਵਿੱਚ ਗੁਰੂ ਜੀ ਵਾਹਿਗੁਰੂ ਦੇ ਨਾਮ ਨੰ ਜਪਣ ਦਾ ਉਪਦੇਸ਼ ਦੇ ਰਹੇ ਹਨ:

ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ ੯ ॥

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥

ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥੧॥

ਹੇ ਭਾਈ! ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ) ।1।

ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨ ਹੋਹਿ ਉਦਾਸੁ ॥ ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥੨॥

ਹੇ ਭਾਈ! ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ। ਹੇ ਨਾਨਕ! ਆਖ– ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ।2।

ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਲੋਕ ਬਾਣੀ ਦੇ ਅੰਤਰਗਤ ਉਕਤ ਦੋਵੇਂ ਸਲੋਕਾਂ ਵਿੱਚ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਆਪਣਾ ਜੀਵਨ ਨੂੰ ਗੋਬਿੰਦ ਭਾਵ ਵਾਹਿਗੁਰੂ ਦੇ ਨਾਮ ਸਿਮਰਨ ਦੇ ਨਾਲ ਸੰਭਾਲ ਲੈ। ਵਾਹਿਗੁਰ ਦੇ ਨਾਲ ਅਜਿਹੀ ਪ੍ਰੀਤ ਗੰਢ ਜਿਵੇਂ ਮੱਛੀ ਦੀ ਪਾਣੀ ਨਾਲ ਹੁੰਦੀ ਹੈ। ਜਿਵੇਂ ਮੱਛੀ ਪਾਣੀ ਤੋਂ ਪਲ ਭਰ ਦਾ ਵਿਛੋੜਾਂ ਨਹੀਂ ਸਹਿੰਦੀ ਉਸੇ ਤਰ੍ਹਾਂ ਦਾ ਪ੍ਰੇਮ ਤੇ ਤੜਫ ਤੂੰ ਵੀ ਆਪਣੇ ਖਸਮ ਲਈ ਪੈਦਾ ਕਰ। ਵਿਸ਼ਿਆਂ ਵਿਕਾਰਾਂ ਵਲੋਂ ਆਪਣਾ ਮਨ ਹਟਾ ਕੇ ਉਸ ਅਕਾਲ ਪੁਰਖ ਦਾ ਭਜਨ ਕਰ ਜਿਸ ਦੇ ਸਿਮਰਨ ਨਾਲ ਜਮਾਂ ਦੀ ਮਾਰ ਤੂੰ ਬਚ ਸਕਦਾ ਹੈ।

ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 57 ਸਲੋਕਾਂ ਵਿਚਲੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

*[email protected]

Share This Article
Leave a Comment