ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 44ਵੇਂ ਸ਼ਬਦ ਦੀ ਵਿਚਾਰ – Shabad Vichaar -44
ਹਰਿ ਕੋ ਨਾਮੁ ਸਦਾ ਸੁਖਦਾਈ ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਸੰਸਾਰ ਵਿੱਚ ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਲਗਿਆ ਹੋਇਆ ਹੈ। ਦੁੱਖ ਤਕਲੀਫਾਂ ਦੇ ਗੁੰਝਲਦਾਰ ਸਮੇਂ ਵਿੱਚ ਮਨੁੱਖ ਦਿਨ ਪ੍ਰਤੀ ਦਿਨ ਉਲਝਦਾ ਹੀ ਜਾਂਦਾ ਹੈ। ਉਹ ਆਪਣੇ ਬਚਾਅ ਲਈ ਹੀਲਿਆਂ ਵਸੀਲਿਆਂ ਦੀ ਭਾਲ ਵੀ ਕਰਦਾ ਹੈ। ਕਈ ਵਾਰ ਆਪਣੇ ਦੁੱਖਾਂ ਨੂੰ ਦੂਰ ਕਰਨ ਤੇ ਸੁੱਖੀ ਜੀਵਨ ਦੀ ਭਾਲ ਲਈ ਅਜਿਹੇ ਕਾਰਜ ਵੀ ਕਰ ਦਿੰਦਾ ਹੈ ਜਿਸ ਕਾਰਨ ਉਹ ਪਾਪਾਂ ਦਾ ਭਾਗੀ ਬਣ ਜਾਂਦਾ ਹੈ ਅਤੇ ਉਹ ਹੋਰ ਦੁੱਖ ਵੀ ਸਹੇੜ ਲੈਂਦਾ ਹੈ।
ਦੁੱਖ ਕਈ ਪ੍ਰਕਾਰ ਦੇ ਹੁੰਦੇ ਹਨ ਕਿਸੇ ਨੂੰ ਸਰੀਰ ਦੁੱਖ, ਕਿਸੇ ਨੂੰ ਆਤਮਿਕ ਦੁੱਖ, ਕਿਸੇ ਨੂੰ ਅਮੀਰਾਂ ਦੇ ਅਤਿਆਚਾਰ ਦਾ ਦੁੱਖ, ਕਿਸੇ ਨੂੰ ਪੁੱਤਾਂ ਦਾ ਤੇ ਕਿਸੇ ਨੂੰ ਧੀ ਦਾ ਦੁੱਖ। ਇਨ੍ਹਾਂ ਦੁੱਖਾਂ ਨਾਲ ਜੂਝਦਾ ਹੋਇਆ ਮਨੁੱਖ ਆਪਣੀ ਜ਼ਿੰਦਗੀ ਸੁੱਖ ਦੀ ਭਾਲ ਵਿੱਚ ਹੀ ਗੁਵਾ ਦਿੰਦਾ ਹੈ। ਅਸਲ ਵਿੱਚ ਮਨੁੱਖ ਨੂੰ ਪਤਾ ਵੀ ਹੁੰਦਾ ਹੈ ਕਿ ਇਹ ਛਿਨ ਪਲ ਦੇ ਸੁੱਖ ਹਨ ਫਿਰ ਵੀ ਉਹ ਜਾਣ ਬੁਝ ਤੇ ਆਪਣਾ ਅਗਾ ਗੁਵਾ ਲੈਂਦਾ ਹੈ।
ਜੀਵਨ ਦੇ ਦੁੱਖ ਸੁੱਖ ਦਾ ਜੋ ਮਾਲਕ ਹੈ ਜੋ ਸਾਡੀ ਹਰ ਜਗ੍ਹਾ ਰੱਖਿਆ ਕਰਦਾ ਹੈ ਉਸ ਨੂੰ ਮਨੁੱਖ ਨਹੀਂ ਚਿਤਾਰਦਾ। ਜੋ ਮਨੁੱਖ ਗੁਰਬਾਣੀ ਦੇ ਲੜ ਲੱਗਦੇ ਹਨ ਉਹ ਜ਼ਿੰਦਗੀ ਦੇ ਇਸ ਗੁੱਝੇ ਭੇਦ ਨੂੰ ਭਲੀ ਭਾਂਤ ਜਾਣ ਲੈਂਦੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 44ਵੇਂ ਸ਼ਬਦ ‘ਹਰਿ ਕੋ ਨਾਮੁ ਸਦਾ ਸੁਖਦਾਈ ॥ ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1008 ‘ਤੇ ਰਾਗ ਮਾਰੂ ਅਧੀਨ ਅੰਕਿਤ ਹੈ।
ਮਾਰੂ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਤਮਕ ਕ੍ਰਮ ਦਾ 21ਵਾਂ ਰਾਗ ਹੈ। ਮਾਰੂ ਬਹੁਤ ਹੀ ਪ੍ਰਚਲਿਤ ਤੇ ਗੰਭੀਰ ਪ੍ਰਕ੍ਰਿਤੀ ਦਾ ਰਾਗ ਹੈ। ਇਸ ਦੀ ਜਾਤੀ ਸ਼ਾੜਵ ਸੰਪੂਰਨ ਹੈ। ਗੁਰੂ ਦੇ ਕੀਰਤਨੀਏ ਇਸ ਰਾਗ ਨੂੰ ਜ਼ਿਆਦਾਤਰ ਅਕਾਲ ਚਲਾਣੇ ਦੀ ਚਉਕੀ ਸਮੇਂ ਗਾਇਨ ਕਰਦੇ ਹਨ। ਇਸ ਰਾਗ ਸਬੰਧੀ ਹੋਰ ਜਾਣਕਾਰੀ ਲਈ ਤੁਸੀਂ ਹਰ ਐਤਵਾਰ ਨੂੰ ਸ਼ਾਮੀ 6ਵਜੇ ਪ੍ਰਕਾਸ਼ਿਤ ਹੋ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਲੜੀ ਨਾਲ ਜੁੜੋ। ਇਸ ਰਾਗ ਲੜੀ ਵਿੱਚ ਰਾਗਾਂ ‘ਤੇ ਅਧਾਰਿਤ ਗੁਰਮਤਿ ਸੰਗੀਤਾਚਾਰੀਆ ਡਾ. ਗੁਰਨਾਮ ਸਿੰਘ ਦੇ ਖੋਜ ਭਰਪੂਰ ਲੇਖ ਪ੍ਰਕਾਸ਼ਿਤ ਕੀਤੇ ਜਾਂਦੇ ਹਨ।
ਰਾਗ ਮਾਰੂ ਅਧੀਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਦੇ ਕੁੱਲ ਤਿੰਨ ਸ਼ਬਦ ਹਨ। ਅੱਜ ਅਸੀਂ ਇਸ ਰਾਗ ਵਿੱਚ ਨੌਵੇਂ ਮਹਲੇ ਦੇ ਪਹਿਲੇ ਸ਼ਬਦ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਗੁਰੂ ਜੀ ਅਕਾਲ ਪੁਰਖ ਦੇ ਸਦਾ ਸੁਖਦਾਈ ਨਾਮ ਦੀ ਮਹਿਮਾ ਕਰ ਰਹੇ ਹਨ:
ੴ ਸਤਿਗੁਰ ਪ੍ਰਸਾਦਿ ॥ ਮਾਰੂ ਮਹਲਾ ੯ ॥
ਹਰਿ ਕੋ ਨਾਮੁ ਸਦਾ ਸੁਖਦਾਈ ॥
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਆਤਮਕ ਆਨੰਦ ਦੇਣ ਵਾਲਾ ਹੈ,
ਜਿਸ ਨਾਮ ਨੂੰ ਸਿਮਰ ਕੇ ਅਜਾਮਲ ਵਿਕਾਰਾਂ ਤੋਂ ਬਚ ਗਿਆ ਸੀ,
(ਇਸ ਨਾਮ ਨੂੰ ਸਿਮਰ ਕੇ) ਵੇਸੁਆ ਨੇ ਭੀ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ।1। ਰਹਾਉ।
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥
ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥੧॥
ਹੇ ਭਾਈ! ਦੁਰਯੋਧਨ ਦੇ ਰਾਜ-ਦਰਬਾਰ ਵਿਚ ਦ੍ਰੋਪਦੀ ਨੇ (ਭੀ) ਪਰਮਾਤਮਾ ਦੇ ਨਾਮ ਦਾ ਧਿਆਨ ਧਰਿਆ ਸੀ, ਤੇ,
ਤਰਸ-ਸਰੂਪ ਪਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ ਸੀ, (ਤੇ ਇਸ ਤਰ੍ਹਾਂ) ਆਪਣਾ ਨਾਮਣਾ ਵਧਾਇਆ ਸੀ।1।
ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥
ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥੨॥੧॥
ਹੇ ਭਾਈ! ਜਿਨ੍ਹਾਂ ਭੀ ਬੰਦਿਆਂ ਨੇ ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ,ਪਰਮਾਤਮਾ ਉਹਨਾਂ ਨੂੰ ਮਦਦਗਾਰ (ਹੋ ਕੇ) ਬਹੁੜਿਆ। ਹੇ ਨਾਨਕ! ਆਖ– ਮੈਂ ਭੀ ਇਸੇ ਹੀ ਭਰੋਸੇ ਤੇ ਆ ਕੇ ਪਰਮਾਤਮਾ ਦੀ ਹੀ ਸਰਨ ਲਈ ਹੈ।2।1।
ਉਕਤ ਸ਼ਬਦ ਵਿੱਚ ਗੁਰੂ ਜੀ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਅਕਾਲ ਪੁਰਖ ਹਮੇਸ਼ਾਂ ਆਪਣੇ ਸ਼ਰਣ ਆਇਆ ਦੀ ਰੱਖਿਆ ਕਰਦਾ ਹੈ। ਉਸ ਨੇ ਅਜਾਮਲ ਨੂੰ ਪਾਪਾਂ ਤੋਂ ਮੁਕਤ ਕੀਤਾ, ਗਨਿਕਾ ਵੇਸਵਾ ਨੂੰ ਉਤਮ ਪਦਵੀ ਪ੍ਰਦਾਨ ਕੀਤੀ, ਜਦੋਂ ਪੰਚਾਲੀ ਦ੍ਰੋਪਤੀ ਨੇ ਚੀਰ ਹਰਨ ਵੇਲੇ ਯਾਦ ਕੀਤਾ ਤਾਂ ਉਸ ਦੀ ਰੱਖਿਆ ਕੀਤੀ, ਇਸ ਤਰ੍ਹਾਂ ਉਹ ਹਮੇਸ਼ਾਂ ਆਪਣੀ ਸ਼ਰਣ ਆਇਆਂ ਦੀ ਮਦਦ ਕਰਦਾ ਹੈ। ਇਸ ਲਈ ਕੇਵਲ ਅਕਾਲ ਪੁਰਖ ਦਾ ਹੀ ਆਸਰਾ ਤਕਣਾ ਚਾਹੀਦਾ ਹੈ। ਉਸ ਅਕਾਲ ਪੁਰਖ ਦੀ ਸ਼ਰਣ ਹੀ ਸਾਰੇ ਸੁੱਖ ਮਿਲਦੇ ਹਨ ਤੇ ਦੁਨੀਆਂ ਤੇ ਸਾਰੇ ਦੁੱਖ ਕੱਟੇ ਜਾਂਦੇ ਹਨ।
ਸੋਮਵਾਰ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 45ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥