ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 43ਵੇਂ ਸ਼ਬਦ ਦੀ ਵਿਚਾਰ – Shabad Vichaar -43
ਪ੍ਰਾਨੀ ਨਾਰਾਇਨ ਸੁਧਿ ਲੇਹਿ ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਮਨੁੱਖ ਸਮਝਦਾ ਹੀ ਨਹੀਂ ਕਿ ਇਸ ਨੇ ਬਚਪਨ ਅਨਜਾਣ ਪੁਣੇ ਵਿੱਚ, ਜਵਾਨੀ ਵਿਸ਼ੇ ਵਿਕਾਰਾਂ ਅਤੇ ਬੁਢਾਪਾ ਵਿੱਚ ਵੀ ਖੋਟੀ ਮਤ ਲੈ ਕੇ ਹੀ ਬੈਠਾ ਹੈ। ਇਹ ਉਮਰ ਹੋਲ਼ੀ ਹੋਲ਼ੀ ਘੱਟ ਦੀ ਹੀ ਜਾ ਰਹੀ ਹੈ। ਜੀਵਨ ਦੇ ਅਸਲ ਉਦੇਸ਼ ਤੋਂ ਖੁੰਝਿਆ ਮਨੁੱਖ ਆਪਣਾ ਜੀਵਨ ਵਿਆਰਥ ਹੀ ਗਵਾ ਲੈਂਦਾ ਹੈ। ਗੁਰਬਾਣੀ ਸਾਨੂੰ ਇਸ ਤੋਂ ਸੁਚੇਤ ਕਰਦੀ ਹੈ। ਜੋ ਪ੍ਰਾਣੀ ਗੁਰਬਾਣੀ ਨਾਲ ਸਾਂਝ ਪਾਉਂਦੇ ਹਨ ਉਹ ਆਪਣੇ ਅਸਲ ਮਕਸਦ ਨੂੰ ਪਾਉਣ ਵਿੱਚ ਸਫਲ ਹੋ ਜਾਂਦੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 43ਵੇਂ ਸ਼ਬਦ ‘ਪ੍ਰਾਨੀ ਨਾਰਾਇਨ ਸੁਧਿ ਲੇਹਿ॥ ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥’ ਦੀ ਵਿਚਾਰ ਕਰਾਂਗੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 902 ‘ਤੇ ਰਾਮਕਲੀ ਰਾਗ ਅਧੀਨ ਅੰਕਿਤ ਹੈ। ਰਾਮਕਲੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਤੀਜਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨੁੱਖ ਨੂੰ ਛਿਨ ਛਿਨ ਘੱਟ ਰਹੀ ਉਮਰ ਦਾ ਹਵਾਲਾ ਦੇ ਕੇ ਉਸ ਅਕਾਲ ਪੁਰਖ ਦਾ ਨਾਮ ਸਿਮਰਨ ਦਾ ਉਪਦੇਸ਼ ਕਰ ਰਹੇ ਹਨ:
ਰਾਮਕਲੀ ਮਹਲਾ ੯ ॥
ਪ੍ਰਾਨੀ ਨਾਰਾਇਨ ਸੁਧਿ ਲੇਹਿ ॥
ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥
ਹੇ ਭਾਈ! ਪਰਮਾਤਮਾ ਦੀ ਯਾਦ ਹਿਰਦੇ ਵਿਚ ਵਸਾਈ ਰੱਖ। (ਪ੍ਰਭੂ ਦੀ ਯਾਦ ਤੋਂ ਬਿਨਾ ਤੇਰਾ ਮਨੁੱਖਾ) ਸਰੀਰ ਵਿਅਰਥ ਜਾ ਰਿਹਾ ਹੈ। ਦਿਨੇ ਰਾਤ ਇਕ ਇਕ ਛਿਨ ਕਰ ਕੇ ਤੇਰੀ ਉਮਰ ਘਟਦੀ ਜਾ ਰਹੀ ਹੈ।1। ਰਹਾਉ।
ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥
ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥੧॥
(ਜੀਵ ਭੀ ਅਜਬ ਮੰਦਭਾਗੀ ਹੈ ਕਿ ਇਸ ਨੇ) ਜਵਾਨੀ (ਦੀ ਉਮਰ) ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਬਾਲ-ਉਮਰ ਅੰਞਾਣ-ਪੁਣੇ ਵਿਚ (ਗਵਾ ਲਈ। ਹੁਣ) ਬੁੱਢਾ ਹੋ ਗਿਆ ਹੈ, ਪਰ ਅਜੇ ਭੀ ਨਹੀਂ ਸਮਝਦਾ। (ਪਤਾ ਨਹੀਂ ਇਹ) ਕਿਸ ਖੋਟੀ ਮਤਿ ਵਿਚ ਫਸਿਆ ਪਿਆ ਹੈ।1।
ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥
ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥੨॥
ਹੇ ਪ੍ਰਾਣੀ! ਜਿਸ ਠਾਕੁਰ-ਪ੍ਰਭੂ ਨੇ (ਤੈਨੂੰ) ਮਨੁੱਖਾ ਜਨਮ ਦਿੱਤਾ ਹੋਇਆ ਹੈ, ਤੂੰ ਉਸ ਨੂੰ ਕਿਉਂ ਭੁਲਾ ਰਿਹਾ ਹੈਂ? ਹੇ ਨਰ! ਜਿਸ ਪਰਮਾਤਮਾ ਦਾ ਨਾਮ ਸਿਮਰਨ ਨਾਲ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਹੁੰਦੀ ਹੈ ਤੂੰ ਅੱਖ ਦੇ ਇਕ ਫੋਰ ਲਈ ਭੀ ਉਸ (ਦੀ ਸਿਫ਼ਤਿ-ਸਾਲਾਹ) ਨੂੰ ਨਹੀਂ ਗਾਂਦਾ।2।
ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥
ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥੩॥੩॥੮੧॥
ਹੇ ਪ੍ਰਾਣੀ! ਕਿਉਂ ਮਾਇਆ ਦਾ (ਇਤਨਾ) ਮਾਣ ਤੂੰ ਕਰ ਰਿਹਾ ਹੈਂ? (ਇਹ ਤਾਂ) ਕਿਸੇ ਦੇ ਨਾਲ ਭੀ (ਅਖ਼ੀਰ ਵੇਲੇ) ਨਹੀਂ ਜਾਂਦੀ। ਨਾਨਕ ਆਖਦਾ ਹੈ– ਹੇ ਭਾਈ! ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਅੰਤ ਵੇਲੇ ਉਹ ਤੇਰਾ ਮਦਦਗਾਰ ਹੋਵੇਗਾ।3। 3। 81।
ਗੁਰੂ ਜੀ ਤਰਸ ਕਰ ਰਹੇ ਹਨ ਤੇ ਸਮਝਾ ਰਹੇ ਹਨ ਕਿ ਹੇ ਭਾਈ ਇਹ ਜੋ ਸਾਰੀ ਉਮਰ ਤੂੰ ਮਾਇਆ ਜੋੜਨ ਵਿੱਚ ਲਾ ਦਿੱਤੀ ਹੈ, ਇਸ ਦਾ ਮਾਣ ਨਾ ਕਰ, ਇਹ ਅੰਤ ਸਮੇਂ ਤੇਰੇ ਨਾਲ ਨਹੀਂ ਜਾਣੀ। ਹੇ ਭਾਈ ਪਹਿਲਾਂ ਬਚਪਨ, ਫਿਰ ਜਵਾਨੀ ਅਤੇ ਫਿਰ ਬੁਢਾਪਾ ਵੀ ਅਜਾਂਈ ਗਵਾ ਲਿਆ। ਇਹ ਕਿਹੋ ਜਿਹੀ ਮਤਿ ਲੈ ਕਿ ਬੈਠ ਗਿਆ ਹੈ। ਜਿਸ ਪ੍ਰਮਾਤਮਾ ਨੇ ਤੈਨੂੰ ਜਨਮ ਦਿੱਤਾ, ਜਿਸ ਦੇ ਸਿਮਰਨ ਦੇ ਨਾਲ ਮਾਇਆਂ ਦੇ ਅੱਟੁਟ ਬੰਧਨਾਂ ਤੋਂ ਛੁਟਕਾਰਾ ਹੋਣਾ ਹੈ ਤੂੰ ਉਸ ਨੂੰ ਇੱਕ ਪਲ ਲਈ ਵੀ ਯਾਦ ਨਹੀਂ ਕਰਦਾ। ਅੰਤ ਗੁਰੂ ਜੀ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਸੁਰਤ ਜੋੜਨ ਨੂੰ ਆਖ ਰਹੇ ਹਨ ਉਸ ਦੇ ਸਿਮਰਨ ਦਾ ਕਰਨ ਦਾ ਉਪਦੇਸ਼ ਦੇ ਰਹੇ ਹਨ, ਕਿਉਂਕਿ ਅੰਤ ਵੇਲ੍ਹੇ ਕੇਵਲ ਉਸ ਨੇ ਹੀ ਸਹਾਈ ਹੋਣਾ ਹੈ।
ਕੱਲ੍ਹ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 44ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਆਪ ਜੀ ਦਾ ਵੀ ਕੋਈ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥