ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 30ਵੇਂ ਸ਼ਬਦ ਦੀ ਵਿਚਾਰ – Shabad Vichaar -30
ਅਬ ਮੈ ਕਉਨੁ ਉਪਾਉ ਕਰਉ॥ ਸ਼ਬਦ ਵਿਚਾਰ
ਡਾ. ਗੁਰਦੇਵ ਸਿੰਘ*
ਵੱਡਮੁਲੇ ਮਨੁੱਖਾ ਜਨਮ ਨੂੰ ਅਸੀਂ ਅਜਾਈਂ ਹੀ ਗਵਾਈ ਜਾਂਦੇ ਹਾਂ। ਜਦੋਂ ਅਸੀਂ ਜ਼ਿੰਦਗੀ ਦੇ ਆਖਰੀ ਮੌੜ ‘ਤੇ ਪਹੁੰਚਦੇ ਹਾਂ ਉਦੋਂ ਸਾਨੂੰ ਅਹਿਸਾਸ ਹੁੰਦਾ ਹੈ ਪਰ ਉਦੋਂ ਫਿਰ ਇਹ ਪੰਜ ਭੌਤਿਕ ਸਰੀਰ ਸਾਥ ਨਹੀਂ ਦਿੰਦਾ। ਮਨ ਵਿੱਚ ਉਦੋਂ ਬਿਨਾਂ ਪਛਤਾਵੇ ਦੇ ਹੋਰ ਕੁਝ ਨਹੀਂ ਰਹਿ ਜਾਂਦਾ। ਇਸ ਲਈ ਸਾਨੂੰ ਸਮਾਂ ਰਹਿੰਦੇ ਹੀ ਸੰਭਲ ਜਾਣਾ ਚਾਹੀਦਾ ਹੈ। ਮਨ ਦੇ ਸੰਕੇ ਦੂਰ ਕਰਕੇ ਪ੍ਰਮਾਤਮਾ ਨਾਲ ਜੁੜਨਾ ਚਾਹੀਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 30ਵੇਂ ਸ਼ਬਦ ‘ਅਬ ਮੈ ਕਉਨੁ ਉਪਾਉ ਕਰਉ ॥ ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥’ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਗੁਰੂ ਜੀ ਮਨੁੱਖ ਨੂੰ ਸਮਝਾਉਣਾ ਕਰ ਰਹੇ ਹਨ ਕਿ ਉਸ ਅਕਾਲ ਪੁਰਖ ਅੱਗੇ ਅਰਦਾਸ ਕਰ ਜਿਸ ਦੀ ਆਦਤ ਹੀ ਹੈ ਪਿਆਰ ਕਰਨ ਦੀ ਹੈ। ਧਨਾਸਰੀ ਰਾਗ ਵਿੱਚ ਨੌਵੇਂ ਪਾਤਸ਼ਾਹ ਦਾ ਇਹ ਚੌਥਾ ਅਤੇ ਆਖਰੀ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 685 ‘ਤੇ ਅੰਕਿਤ ਹੈ।
ਧਨਾਸਰੀ ਮਹਲਾ ੯ ॥
ਅਬ ਮੈ ਕਉਨੁ ਉਪਾਉ ਕਰਉ ॥ ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥
ਹੇ ਭਾਈ! ਹੁਣ ਮੈਂ ਕੇਹੜਾ ਜਤਨ ਕਰਾਂ ਜਿਸ ਤਰ੍ਹਾਂ (ਮੇਰੇ) ਮਨ ਦਾ ਸਹਮ ਮੁੱਕ ਜਾਏ, ਅਤੇ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ।੧।ਰਹਾਉ।
ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥ ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥
ਹੇ ਭਾਈ! ਮਨੁੱਖਾ ਜਨਮ ਪ੍ਰਾਪਤ ਕਰ ਕੇ ਮੈਂ ਕੋਈ ਭਲਾਈ ਨਹੀਂ ਕੀਤੀ, ਇਸ ਵਾਸਤੇ ਮੈਂ ਬਹੁਤ ਡਰਦਾ ਰਹਿੰਦਾ ਹਾਂ। ਮੈਂ (ਆਪਣੀ) ਜਿੰਦ ਵਿਚ (ਹਰ ਵੇਲੇ) ਇਹੀ ਚਿੰਤਾ ਕਰਦਾ ਰਹਿੰਦਾ ਹਾਂ ਕਿ ਮੈਂ ਆਪਣੇ ਮਨ ਨਾਲ, ਬਚਨ ਨਾਲ, ਕਰਮ ਨਾਲ (ਕਦੇ ਭੀ) ਪਰਮਾਤਮਾ ਦੇ ਗੁਣ ਨਹੀਂ ਗਾਂਦਾ ਰਿਹਾ।੧।
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥
ਹੇ ਭਾਈ! ਗੁਰੂ ਦੀ ਮਤਿ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਦੀ ਕੁਝ ਭੀ ਸੂਝ ਪੈਦਾ ਨਹੀਂ ਹੋਈ, ਮੈਂ ਪਸ਼ੂ ਵਾਂਗ (ਨਿੱਤ) ਆਪਣਾ ਢਿੱਡ ਭਰ ਲੈਂਦਾ ਹਾਂ। ਹੇ ਨਾਨਕ! ਆਖ-ਹੇ ਪ੍ਰਭੂ! ਮੈਂ ਵਿਕਾਰੀ ਤਦੋਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ਜੇ ਤੂੰ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਚੇਤੇ ਰੱਖੇਂ।੨।੪।੯।੯।੧੩।੫੮।੪।੯੩।
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਸ਼ਬਦ ਵਿੱਚ ਅਭੁਲੇ ਮਨੁੱਖ ਨੂੰ ਅਸਲ ਵਿੱਚ ਅਰਦਾਸ ਕਰਨ ਦੀ ਸੋਝੀ ਬਖਸ਼ ਰਹੇ ਹਨ। ਗੁਰੂ ਜੀ ਫਰਮਾ ਰਹੇ ਹਨ ਕਿ ਹੇ ਭਾਈ ਤੂੰ ਉਸ ਦਿਆਲੂ ਸੁਭਾਅ ਵਾਲੇ ਅਪ੍ਰੰਮਪਾਰ ਪ੍ਰਭੂ ਅੱਗੇ ਅਰਦਾਸ ਕਰ ਕਿ ਮੈਂ ਉਹ ਕਿਹੜਾ ਯਤਨ ਕਰਾਂ ਜਿਸ ਨਾਲ ਮੈਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਾਂ। ਕਿਉਂਕਿ ਮੈਂ ਅਨਮੋਲ ਮਨੁੱਖਾ ਜਨਮ ਦਾ ਸਦ ਉਪਯੋਗ ਕਰਨ ਵਿੱਚ ਅਸਫਲ ਰਿਹਾ ਹਾਂ । ਨਾ ਮੈਂ ਕੋਈ ਭਲਾ ਹੀ ਕੰਮ ਕੀਤਾ ਹੈ ਨਾ ਹੀ ਮੈਂ ਮਨ, ਬਚਨ, ਕਰਮ ਨਾਲ ਕਦੇ ਪ੍ਰਮਾਤਮਾ ਦੇ ਹੀ ਗੁਣ ਗਾਇਨ ਕੀਤੇ ਹਨ। ਹੁਣ ਸਮਾਂ ਨਿਕਲਣ ‘ਤੇ ਮਨ ਚਿੰਤਾ ਕਰ ਰਿਹਾ ਹੈ। ਮੈਂ ਗੁਰੂ ਦੀ ਮਤਿ ਸੁਣ ਕੇ ਉਸ ‘ਤੇ ਅਮਲ ਨਹੀਂ ਕੀਤਾ ਮੈਂ ਤਾਂ ਪੂਸ ਦੀ ਨਿਆਈ ਆਪਣਾ ਢਿੱਡ ਹੀ ਭਰਦਾ ਰਹਿੰਦਾ ਹਾਂ। ਹੇ ਅਕਾਲ ਪੁਰਖ ਮੈਂ ਤਾਂ ਨਿੰਕਮਾ ਹਾਂ ਔਗਣਾਂ ਨਾਲ ਭਰਿਆ ਹੋਇਆ ਹਾਂ ਪਰ ਤੂੰ ਆਦਿ ਤੋਂ ਹੀ ਪਿਆਰ ਕਰਨ ਵਾਲਾ ਸੁਭਾਅ ਦਾ ਮਾਲਕ ਹੈ ਹੁਣ ਤੂੰ ਹੀ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ। ਤੂੰ ਨਾ ਆਪਣੇ ਪਿਆਰ ਕਰਨ ਵਾਲੇ ਸੁਭਾਅ ਨੂੰ ਵਿਸਾਰੀਂ।
ਸ਼ਬਦ ਦੇ ਅਖੀਰ ਵਿੱਚ ਅੰਕਿਤ ॥੨॥੪॥੯॥੯॥੧੩॥੫੮॥੪॥੯੩॥ ਅੰਕਾਂ ਦੇ ਆਪਣੇ ਵਿਗਿਆਨਕ ਅਰਥ ਹਨ। ਅੰਕ ੨ ਤੋਂ ਭਾਵ ਹੈ ਕਿ ਇਸ ਸ਼ਬਦ ਦੇ ਦੋ ਬੰਦ ਹਨ, ਅੰਕ ੪ ਤੋਂ ਭਾਵ ਹੈ ਕਿ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਸ ਰਾਗ ਵਿਚਲਾ ਚੌਥਾ ਸ਼ਬਦ ਹੈ। ਅੰਕ ੯ ਤੋਂ ਭਾਵ ਰਾਗ ਧਨਾਸਰੀ ਵਿਚ ਮਹਲਾ ੧ ਦੇ ਹੁਣ ਤੱਕ ਕੁੱਲ 9 ਸ਼ਬਦ ਹਨ। ਉਸ ਤੋਂ ਅਗਲੇ ੯ ਅੰਕ ਤੋਂ ਭਾਵ ਹੈ ਕਿ ਰਾਗ ਧਨਾਸਰੀ ਵਿਚ ਮਹਲਾ ੩ ਦੇ ਕੁੱਲ 9 ਸ਼ਬਦ ਹਨ, ਅੰਕ ੧੩ ਤੋਂ ਭਾਵ ਹੈ ਕਿ ਰਾਗ ਧਨਾਸਰੀ ਵਿਚ ਮਹਲਾ ੪ ਦੇ ਕੁੱਲ 13 ਸ਼ਬਦ ਹਨ, ੫੮ ਤੋਂ ਭਾਵ ਹੈ ਕਿ ਰਾਗ ਧਨਾਸਰੀ ਵਿਚ ਮਹਲਾ ੫ ਦੇ 58 ਸ਼ਬਦ ਹਨ ਅਤੇ ੪ ਅੰਕ ਤੋਂ ਭਾਵ ਰਾਗ ਧਨਾਸਰੀ ਵਿਚ ਮਹਲਾ ੯ ਦੇ ਕੁਲ ਚਾਰ ਸ਼ਬਦ ਹਨ। ੯੩-ਅੰਕ ਤੋਂ ਭਾਵ ਰਾਗ ਧਨਾਸਰੀ ਵਿੱਚ ਹੁਣ ਤਕ ਸ਼ਬਦਾਂ ਦੇ ਜੋੜ ਤੋਂ ਹੈ ਜੋ ਕਿ 93 ਬਣਦਾ ਹੈ।
ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 31ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥