Shabad Vichaar 27-‘ਕਾਹੇ ਰੇ ਬਨ ਖੋਜਨ ਜਾਈ ॥’

TeamGlobalPunjab
5 Min Read

ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ 27ਵੇਂ ਸ਼ਬਦ ਦੀ ਵਿਚਾਰ – Shabad Vichaar -27

ਕਾਹੇ ਰੇ ਬਨ ਖੋਜਨ ਜਾਈ ॥ ਸ਼ਬਦ ਵਿਚਾਰ

ਡਾ. ਗੁਰਦੇਵ ਸਿੰਘ*

ਆਦਿ ਕਾਲ ਤੋਂ ਮਨੁੱਖ ਪ੍ਰਭੂ ਪ੍ਰਾਪਤੀ ਲਈ ਅਨੇਕ ਤਰ੍ਹਾਂ ਦੀ ਸਾਧਨਾ ਕਰਦਾ ਆ ਰਿਹਾ ਹੈ। ਉਨ੍ਹਾਂ ਵਿੱਚੋਂ ਇੱਕ ਪ੍ਰਮੁਖ ਤੇ ਪ੍ਰਚਲਿਤ ਸਾਧਨਾ ਬਿਆਬਾਨ ਜੰਗਲਾਂ ਵਿੱਚ ਸਮਾਧੀ ਲਾ ਤਪਸਿਆ ਕਰਨ ਦੀ ਵੀ ਰਹੀ ਹੈ। ਇਹ ਕਠਿਨ ਸਾਧਨਾ ਹਰ ਇੱਕ ਦੇ ਵਸ ਦੀ ਗੱਲ ਵੀ ਨਹੀਂ ਪਰ ਇਸ ਦੇ ਨਾਲ ਜੋ ਪ੍ਰਾਪਤ ਕਰਨ ਦਾ ਯਤਨ ਕੀਤਾ ਜਾਂਦਾ ਹੈ ਉਸ ਲਈ ਇਹ ਸਭ ਦੀ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਅਕਾਲ ਪੁਰਖ ਵਾਹਿਗੁਰੁ ਹਰ ਥਾਂ ਵਾਸ ਕਰਦਾ ਹੈ ਬਸ ਉਸ ਨੂੰ ਪਹਿਚਾਨਣ ਦੀ ਜ਼ਰੂਰਤ ਹੈ। ਗੁਰਬਾਣੀ ਇਸ ਬਾਬਤ ਸਾਡਾ ਮਾਰਗ ਬਹੁਤ ਹੀ ਆਸਾਨ ਤਰੀਕੇ ਨਾਲ ਰੋਸ਼ਨ ਕਰਦੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੀ ਚੱਲ ਰਹੀ ਵਿਚਾਰ ਲੜੀ ਵਿੱਚ ਅੱਜ ਅਸੀਂ ਗੁਰੂ ਸਾਹਿਬ ਦੀ ਕੁੱਲ ਬਾਣੀ ਦੇ 27ਵੇਂ ਸ਼ਬਦ ‘ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥’ ਦੀ ਵਿਚਾਰ ਕਰਾਂਗੇ। ਇਸ ਸ਼ਬਦ ਵਿੱਚ ਗੁਰੂ ਜੀ ਉਨ੍ਹਾਂ ਮਨੁੱਖਾਂ ਨੂੰ ਉਪਦੇਸ਼ ਕਰ ਰਹੇ ਹਨ ਜੋ ਉਸ ਅਕਾਲ ਪੁਰਖ ਨੂੰ ਜੰਗਲਾਂ ਵਿੱਚ ਖੋਜਣ ਲਈ ਜਾਂਦੇ ਹਨ। ਧਨਾਸਰੀ ਰਾਗ ਵਿੱਚ ਨੌਵੇਂ ਪਾਤਸ਼ਾਹ ਦਾ ਇਹ ਪਹਿਲਾ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 684 ‘ਤੇ ਅੰਕਿਤ ਹੈ।

ਧਨਾਸਰੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਕ੍ਰਮ ਦਾ 10ਵਾਂ ਰਾਗ ਹੈ। ਇਸ ਰਾਗ ਵਿੱਚ ਨੌਵੇਂ ਗੁਰੂ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤ੍ਰਿਲੋਚਨ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ ਤੇ ਭਗਤ ਧੰਨਾ ਜੀ ਦੀ ਬਾਣੀ ਵੀ ਅੰਕਿਤ ਹੈ। ਇਸ ਰਾਗ ਦੇ ਸੰਗੀਤਕ ਪੱਖ ਬਾਰੇ ਜਾਨਣ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਖ 31 ਰਾਗ’ ਲੜੀ ਨਾਲ ਜੁੜੋ ਜੋ ਕਿ ਹਰ ਐਤਵਾਰ ਨੂੰ ਸ਼ਾਮੀ 6 ਵਜੇ ਪ੍ਰਕਾਸ਼ਿਤ ਹੁੰਦੀ ਹੈ। ਇਸ ਲੜੀ ਵਿੱਚ ਵਿਸ਼ਵਵਿਖਿਆਤ ਗੁਰਮਤਿ ਸੰਗੀਤਾਚਾਰੀਆ ਡਾ. ਗੁਰਨਾਮ ਸਿੰਘ ਦੇ ਖੋਜ ਭਰਪੂਰ ਲੇਖ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਧਨਾਸਰੀ ਰਾਗ ਵਿੱਚ ਅੰਕਿਤ ਨੌਵੇਂ ਪਾਤਸ਼ਾਹ ਦਾ ਪਹਿਲਾ ਸ਼ਬਦ ਕਣ ਕਣ ਵਿੱਚ ਰਮੇ ਹੋਏ ਪ੍ਰਮਾਤਮਾ ਦੀ ਸੋਝੀ ਦੇ ਰਹੇ ਹੈ: 

ੴ ਸਤਿਗੁਰ ਪ੍ਰਸਾਦਿ ॥ ਧਨਾਸਰੀ ਮਹਲਾ ੯ ॥

ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥

ਹੇ ਭਾਈ! ਪਰਮਾਤਮਾ ਨੂੰ) ਲੱਭਣ ਵਾਸਤੇ ਤੂੰ ਜੰਗਲਾਂ ਵਿਚ ਕਿਉਂ ਜਾਂਦਾ ਹੈਂ? ਪਰਮਾਤਮਾ ਸਭ ਵਿਚ ਵੱਸਣ ਵਾਲਾ ਹੈ, (ਫਿਰ ਭੀ) ਸਦਾ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਰਹਿੰਦਾ ਹੈ। ਉਹ ਪਰਮਾਤਮਾ ਤੇਰੇ ਨਾਲ ਹੀ ਵੱਸਦਾ ਹੈ।੧।ਰਹਾਉ।

ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥

ਹੇ ਭਾਈ! ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ (ਸ਼ੀਸ਼ਾ ਵੇਖਣ ਵਾਲੇ ਦਾ) ਅਕਸ ਵੱਸਦਾ ਹੈ, ਤਿਵੇਂ ਪਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵੱਸਦਾ ਹੈ। (ਇਸ ਵਾਸਤੇ, ਉਸ ਨੂੰ) ਆਪਣੇ ਹਿਰਦੇ ਵਿਚ ਹੀ ਲੱਭ।੧।

ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥

ਹੇ ਭਾਈ! ਗੁਰੂ ਦਾ (ਆਤਮਕ ਜੀਵਨ ਦਾ) ਉਪਦੇਸ਼ ਇਹ ਦੱਸਦਾ ਹੈ ਕਿ (ਆਪਣੇ ਸਰੀਰ ਦੇ) ਅੰਦਰ (ਅਤੇ ਆਪਣੇ ਸਰੀਰ ਤੋਂ) ਬਾਹਰ (ਹਰ ਥਾਂ) ਇਕ ਪਰਮਾਤਮਾ ਨੂੰ (ਵੱਸਦਾ) ਸਮਝੋ। ਹੇ ਦਾਸ ਨਾਨਕ! ਆਪਣਾ ਆਤਮਕ ਜੀਵਨ ਪਰਖਣ ਤੋਂ ਬਿਨਾ (ਮਨ ਉੱਤੋਂ) ਭਟਕਣਾ ਦਾ ਜਾਲਾ ਦੂਰ ਨਹੀਂ ਹੋ ਸਕਦਾ (ਤੇ, ਉਤਨਾ ਚਿਰ ਸਰਬ-ਵਿਆਪਕ ਪਰਮਾਤਮਾ ਦੀ ਸੂਝ ਨਹੀਂ ਆ ਸਕਦੀ) ।੨।੧।

ਨੌਵੇਂ ਪਾਤਸ਼ਾਹ ਜੀ ਉਕਤ ਸ਼ਬਦ ਵਿੱਚ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਉਸ ਅਕਾਲ ਪੁਰਖ ਨੂੰ ਜੰਗਲਾਂ ਵਿੱਚ ਨਾ ਲੱਭ ਉਹ ਤਾਂ ਕਣ ਕਣ ਵਿੱਚ ਰਮਿਆ ਹੋਇਆ ਹੈ। ਫੁੱਲ ਵਿੱਚ ਜਿਵੇਂ ਸੁੰਗਧੀ ਵਾਸ ਕਰਦੀ ਹੈ, ਸ਼ੀਸ਼ੇ ਵਿੱਚ ਜਿਵੇਂ ਅਕਸ ਵਸਦਾ ਹੈ ਉਸੇ ਤਰ੍ਹਾਂ ਉਹ ਪ੍ਰਮਾਤਮਾ ਸਭ ਜੀਵਾਂ ਦੇ ਅੰਦਰ ਵੱਸਦਾ ਹੈ। ਇਸ ਲਈ ਫਾਲਤੂ ਦੀਆਂ ਭਟਕਣਾਂ ਵਿੱਚ ਫਸਣ ਦੀ ਬਜਾਇ ਉਸ ਨੂੰ ਆਪਣੇ ਹਿਰਦੇ ਵਿੱਚ ਹੀ ਖੋਜ। ਗੁਰ ਉਪਦੇਸ਼ ਵੀ ਇਹ ਹੀ ਹੈ ਕਿ ਉਸ ਅਕਾਲ ਪੁਰਖ ਨੂੰ ਹਰ ਥਾਂ ਰਮਿਆ ਸਮਝ। ਸੋ ਜਿਨ ਚਿਰ ਜਗ੍ਹਾ ਜਗ੍ਹਾ ‘ਤੇ ਭਟਕਣ ਦੀ ਆਦਤ ਦੂਰ ਨਹੀਂ ਜਾਂਦੀ ਉਨਾ ਚਿਰ ਉਸ ਸਰਬ ਵਿਆਪਕ ਪ੍ਰਮਾਤਮਾ ਦੀ ਸੂਝ ਨਹੀਂ ਹੋ ਸਕਦੀ। ਸੋਮਵਾਰ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ 28ਵੇਂ ਸ਼ਬਦ ਦੀ ਵਿਚਾਰ ਕਰਾਂਗੇ। ਪ੍ਰੋ. ਸਾਹਿਬ ਸਿੰਘ ਜੀ ਦੀ ਕ੍ਰਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਨੂੰ ਸ਼ਬਦ ਦੀ ਵਿਚਾਰ ਦਾ ਅਧਾਰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸਾਨੂੰ ਖੁਸ਼ੀ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

*[email protected]

Share This Article
Leave a Comment