ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ ਦਸਵੇਂ ਸ਼ਬਦ ਦੀ ਵਿਚਾਰ – Shabad Vichaar -10

TeamGlobalPunjab
5 Min Read

ਭਾਲ ਸੁੱਖਾਂ ਦੀ ਪਰ ਮਿਲ ਦੁੱਖ ਜਾਂਦੇ ਹਨ ਅਜਿਹਾ ਕਿੳਂ ?

-ਡਾ. ਗੁਰਦੇਵ ਸਿੰਘ

ਸੁੱਖਾਂ ਦੇ ਲਈ ਅਸੀਂ ਹਰ ਹਿੱਲੇ ਵਸੀਲੇ ਵਰਤਦੇ ਹਾਂ। ਹਰ ਇੱਕ ਦੀ ਖੁਸ਼ਾਮਦ ਕਰਦੇ ਹਾਂ। ਅਸੀਂ ਪੈਸੇ ਨੂੰ ਹੀ ਸੁੱਖਾਂ ਦਾ ਸਾਧਨ ਮੰਨਿਆ ਹੋਇਆ ਹੈ ਅਤੇ ਇਸ ਨੂੰ ਇੱਕਠਾ ਕਰਨ ਵਿੱਚ ਦਿਨ ਰਾਤ ਇੱਕ ਕਰ ਦਿੰਦੇ ਹਾਂ। ਧੰਨ ਇੱਕਠਾ ਵੀ ਹੋ ਜਾਂਦਾ ਹੈ ਪਰ ਸੁੱਖ ਫਿਰ ਵੀ ਪ੍ਰਾਪਤ ਨਹੀਂ ਹੁੰਦਾ ਉਲਟਾ ਦੁੱਖ ਹੋਰ ਵੱਧ ਜਾਂਦੇ ਹਨ। ਇਸ ਦੇ ਕਾਰਨਾਂ ਦਾ ਜਦੋਂ ਤਕ ਅਹਿਸਾਸ ਹੁੰਦਾ ਹੈ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਲਈ ਗੁਰਬਾਣੀ ਸਾਨੂੰ ਵਾਰ ਵਾਰ ਸਮਾਂ ਸੰਭਾਲਣ ਦੀ ਤਾੜਨਾ ਕਰਦੀ ਹੈ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਅਸੀਂ ਜਿਸ ਸ਼ਬਦ ਦੀ ਵਿਚਾਰ ਕਰਨ ਲੱਗੇ ਹਾਂ ਉਹ ਸਾਨੂੰ ਜੀਵਨ ਸੰਭਾਲਣ ਦਾ ਹੀ ਉਪਦੇਸ਼ ਕਰ ਰਿਹਾ ਹੈ ।

ਅੱਜ ਦਾ ਸ਼ਬਦ ਬਿਰਥਾ ਕਹਉ ਕਉਨ ਸਿਉ ਮਨ ਕੀ॥ ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ॥ ਹੈ ਜੋ ਕਿ ਰਾਗ ਆਸਾ ਅਧੀਨ ਉਚਾਰਨ ਕੀਤਾ ਹੋਇਆ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 411 ‘ਤੇ ਅੰਕਿਤ ਹੈ। ਇਸ ਤੋਂ ਪਹਿਲੇ ਨੌ ਸ਼ਬਦ ਰਾਗ ਗਉੜੀ ਅਧੀਨ ਉਚਾਰਨ ਕੀਤੇ ਹੋਏ ਸਨ। ਇਹ ਆਸਾ ਰਾਗ ਦਾ ਪਹਿਲਾ ਸ਼ਬਦ ਹੈ। ਇਸ ਸ਼ਬਦ ਵਿੱਚ ਗੁਰੂ ਜੀ ਮਨੁੱਖ ਨੂੰ ਆਪਣੀ ਭੈੜੀ ਹਾਲਤ ਸੁਧਾਰਨ ਤੇ ਕੁੱਤਾ ਬਿਰਤੀ ਨੂੰ ਛੱਡਣ ਅਤੇ ਕੁਮੱਤ ਨੂੰ ਸੁਮੱਤ ਵਿੱਚ ਬਦਲਣ ਦਾ ਉਪਦੇਸ਼ ਦੇ ਰਹੇ ਹਨ:

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਮਹਲਾ ੯ ॥

- Advertisement -

ਬਿਰਥਾ ਕਹਉ ਕਉਨ ਸਿਉ ਮਨ ਕੀ॥

ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ॥੧॥ਰਹਾਉ॥

(ਹੇ ਭਾਈ!) ਮੈਂ ਇਸ (ਮਨੁੱਖੀ) ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ (ਹਰੇਕ ਮਨੁੱਖ ਦਾ ਇਹੀ ਹਾਲ ਹੈ) , ਲੋਭ ਵਿਚ ਫਸਿਆ ਹੋਇਆ ਇਹ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ।1। ਰਹਾਉ।

ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥

ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥੧॥

- Advertisement -

(ਹੇ ਭਾਈ!) ਸੁਖ ਹਾਸਲ ਕਰਨ ਵਾਸਤੇ (ਇਹ ਮਨ) ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ (ਤੇ ਇਸ ਤਰ੍ਹਾਂ ਸੁਖ ਦੇ ਥਾਂ ਸਗੋਂ) ਦੁੱਖ ਸਹਾਰਦਾ ਹੈ। ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ।1।

ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ॥

ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ॥੨॥੧॥੨੩੩॥ 

(ਹੇ ਭਾਈ! ਲੋਭ ਵਿਚ ਫਸਿਆ ਹੋਇਆ ਇਹ ਜੀਵ) ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ, (ਇਸ ਦੇ ਲਾਲਚ ਦੇ ਕਾਰਨ) ਲੋਕਾਂ ਵਲੋਂ ਹੋ ਰਹੇ ਹਾਸੇ-ਮਖ਼ੌਲ ਦੀ ਭੀ ਇਸ ਨੂੰ ਸ਼ਰਮ ਨਹੀਂ ਆਉਂਦੀ। ਹੇ ਨਾਨਕ! (ਆਖ– ਹੇ ਜੀਵ!) ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਿਉਂ ਨਹੀਂ ਕਰਦਾ? (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਤੇਰੀ ਇਹ ਖੋਟੀ ਮਤਿ ਦੂਰ ਹੋ ਸਕੇਗੀ।2।

ਸੋ ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਨੁੱਖ ਦੀ ਭੈੜੀ ਹਾਲਤ ਦਾ ਵਰਨਣ ਕਰਦੇ ਹਨ ਕਿ ਮਨੁੱਖ ਲੋਭ ਵਿਚ ਫਸਿਆ ਹੋਇਆ ਧਨ ਜੋੜਨ ਦੀ ਲਾਲਸਾ ਵਿੱਚ ਦਸੀਂ ਪਾਸੀਂ ਦੌੜ ਭਜ ਕਰਦਾ ਹੈ। ਸੁੱਖ ਹਾਸਲ ਕਰਨ ਵਾਸਤੇ ਖ਼ੁਸ਼ਾਮਦ ਕਰਦਾ ਫਿਰਦਾ ਹੈ।  ਕੁੱਤੇ ਦੀ ਨਿਆਈ ਹਰੇਕ ਦੇ ਦਰ ‘ਤੇ ਭਟਕਦਾ ਫਿਰਦਾ ਹੈ ਤੇ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ, ਦੁਨੀਆਂ ਇਸ ਦਾ ਮਖ਼ੌਲ ਉਡਾਂਦੀ ਹੈ ਪਰ ਇਸ ਨੂੰ ਸ਼ਰਮ ਨਹੀਂ ਆਉਂਦੀ। ਅਜਿਹੇ ਮਨੁੱਖ ਨੂੰ ਗੁਰੂ ਜੀ ਸਮਝਾ ਰਹੇ ਹਨ ਕਿ ਹੇ ਭਾਈ ਤੂੰ ਕਿਉਂ ਨਹੀਂ ਇਸ ਖੋਟੀ ਮਤ ਨੁੰ ਤਿਆਗ ਦਿੰਦਾ। ਕੇਵਲ ਉਸ ਅਕਾਲ ਪੁਰਖ ਦੀ ਖਸ਼ਾਮਦ ਕਰ, ਤੂੰ ਇੱਕ ਦਰ ਵਾਹਿਗੁਰੂ ਦੇ ਨਾਲ ਜੁੜ, ਉਸ ਦੀ ਸਿਫਤ ਸਲਾਹ ਕਰ, ਜਿਸ ਨਾਲ ਤੇਰੀ ਖੋਟੀ ਮਤ ਦੂਰ ਹੋ ਜਾਵੇਗੀ।

ਕੱਲ ਸ਼ਾਮੀ 6 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ ਗਿਆਰਵੇਂ ਸ਼ਬਦ ਦੀ ਵਿਚਾਰ ਕਰਾਂਗੇ। ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤਾ ਟੀਕੇ ਨੂੰ ਬਣਾਇਆ ਜਾਂਦਾ ਹੈ। ਗੁਰਬਾਣੀ ਵਿਚਾਰ ਸੰਬੰਧੀ ਜੇ ਕੋਈ ਆਪ ਜੀ ਦਾ ਸੁਝਾਅ ਹੈ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ ਸਾਨੂੰ ਖੁਸ਼ੀ ਹੋਵੇਗੀ। ਤੁਹਾਡੇ ਸੁਝਾਅ ਸਾਡਾ ਮਾਰਗ ਦਰਸ਼ਨ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ॥

Share this Article
Leave a comment