ਨਵੀਂ ਦਿੱਲੀ : ਦਿੱਲੀ ਅੰਦਰ ਭੜਕੀ ਹਿੰਸਾ ਵਿੱਚ 43 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 200 ਦੇ ਕਰੀਬ ਜ਼ਖਮੀ ਹਨ। ਇਸ ਘਟਨਾ ਤੋਂ ਬਾਅਦ ਪ੍ਰਸਿੱਧ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਨੇਤਾ ਸੁਭੱਦਰਾ ਮੁਖਰਜੀ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਉਹ ਸਾਲ 2013 ਵਿੱਚ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਏ ਸਨ। ਰਿਪੋਰਟਾਂ ਮੁਤਾਬਿਕ ਮੁਖਰਜੀ ਨੇ ਪਾਰਟੀ ਤੋਂ ਅਸਤੀਫਾ ਇਸ ਲਈ ਦਿੱਤਾ ਹੈ ਕਿ ਪਾਰਟੀ ਦੇ ਸੀਨੀਅਰ ਨੇਤਾ ਕਪਿਲ ਮਿਸ਼ਰਾ ਅਤੇ ਅਨੁਰਾਗ ਠਾਕੁਰ ‘ਤੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ।
ਦੱਸ ਦਈਏ ਕਿ ਜਿਸ ਸਮੇਂ ਸੁਭੱਦਰਾ ਮੁਖਰਜੀ ਨੇ ਭਾਰਤੀ ਜਨਤਾ ਪਾਰਟੀ ‘ਚ ਸ਼ਮੂਲੀਅਤ ਕੀਤੀ ਸੀ ਤਾਂ ਇਹ ਪਤਾ ਲੱਗਾ ਸੀ ਕਿ ਉਨ੍ਹਾਂ ਨੇ ਇਹ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪ੍ਰਭਾਵਿਤ ਹੋ ਕੇ ਜੁਆਇਨ ਕੀਤੀ ਹੈ। ਦੱਸਣਯੋਗ ਹੈ ਕਿ ਇਹ ਪ੍ਰਸਿੱਧ ਅਦਾਕਾਰਾ ਕਈ ਬੰਗਾਲੀ ਟੀਵੀ ਸੀਰੀਅਲ ਅਤੇ ਹੋਰ ਕਈ ਫਿਲਮਾਂ ‘ਚ ਵੀ ਕੰਮ ਕਰ ਚੁਕੀ ਹੈ। ਮੁਖਰਜੀ ਅਨੁਸਾਰ ਉਨ੍ਹਾਂ ਨੇ ਆਪਣਾ ਅਸਤੀਫਾ ਬੰਗਾਲ ਭਾਜਪਾ ਦੇ ਚੀਫ ਦਿਲੀਪ ਘੋਸ਼ ਨੂੰ ਸੌਂਪ ਦਿੱਤਾ ਹੈ।