ਚੰਡੀਗੜ੍ਹ : ਲੰਮੇ ਸਮੇਂ ਤੋਂ ਤਸ਼ੱਦਦ ਦਾ ਸ਼ਿਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸਿੱਖ ਪੰਥ ਸੰਘਰਸ਼ ਕਰ ਰਿਹਾ ਹੈ। ਇਸੇ ਦਰਮਿਆਨ ਹੁਣ ਭਾਈ ਗੁਰਮੀਤ ਸਿੰਘ ਜੀ ਇੰਜਨੀਅਰ ਨੂੰ ਪੈਰੋਲ ਮਿਲ ਗਈ ਹੈ। ਉਨ੍ਹਾਂ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ ਵਿਚੋਂ 28 ਦਿਨਾਂ ਲਈ ਪ੍ਰੋਲ਼ ਮਿਲੀ ਹੈ। ਜ਼ਿਕਰਯੋਗ ਹੈ ਉਨਾਂ ਨੂੰ 2013 ਵਿਚ ਪਹਿਲੀ ਵਾਰ ਓਦੋਂ ਪਰੋਲ ਮਿਲਣੀ ਸ਼ੁਰੂ ਹੋਈ ਸੀ ਜਦੋਂ ਭਾਈ ਗੁਰਬਖਸ਼ ਸਿੰਘ ਹੁਰਾਂ ਵਲੋਂ ਮਰਨ ਵਰਤ ਰਖ ਕੇ ਮੋਰਚਾ ਲਗਾਇਆ ਗਿਆ ਸੀ। ਕੌਮੀ ਇਨਸਾਫ਼ ਮੋਰਚੇ ਦੀ ਸੰਗਤ ਅਤੇ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਪਹੁੰਚ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਐਡਵੋਕੇਟ ਦਿਲਸ਼ੇਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਉਨਾਂ ਨੂੰ ਜੇਲ ਬਾਹਰੋਂ ਲੈਣ ਪੁੱਜੇ। ਇਹ ਪਰੋਲ ਦੀ ਰਿਹਾਈ ਦੇਰ ਸ਼ਾਮ ਹੋਈ ਅਤੇ ਉਹ 7 ਵਜੇ ਗੁਰੂ ਘਰ ਪੁੱਜੇ। 8 ਵਜੇ ਪਟਿਆਲੇ ਤੋਂ ਉਨ੍ਹਾਂ ਦੇ ਬਜ਼ੁਰਗ ਮਾਤਾ ਜੀ ਲੈਣ ਲਈ ਪੁੱਜੇ ਤਾਂ ਮਾਂ ਪੁੱਤ ਦੀ ਮਿਲਣੀ ਬਹੁਤ ਭਾਵੁਕਤਾ ਵਾਲੀ ਸੀ । ਜਿਕਰ ਯੋਗ ਹੈ ਕਿ ਮੌਜੂਦਾ ਸਰਕਾਰ ਵੱਲੋਂ 2 ਵਾਰ ਇਨਾ ਦੀ ਪਰੋਲ ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਆਪਣੇ ਵਿਚਾਰ ਦਿੰਦਿਆਂ ਕਿਹਾ ਕੌਮੀ ਇਨਸਾਫ਼ ਮੋਰਚੇ ਵਿਚ ਪੁੱਜੀਆਂ ਸੰਗਤਾਂ ਦੀਆਂ ਭਾਵਨਾਵਾਂ ਅੱਗੇ ਸਾਡਾ ਸਿਰ ਝੁਕਦਾ ਹੈ । ਜਦੋਂ ਸਾਨੂੰ ਜੇਲ ਵਿਚ ਸਪੀਕਰ ਦੀ ਅਵਾਜ ਅਤੇ ਜੈਕਾਰੇ ਸੁਣਦੇ ਹਨ ਤਾਂ ਸਾਡਾ ਮਨ ਬਹੁਤ ਭਾਵੁਕ ਹੋ ਜਾਂਦਾ ਹੈ । ਸਾਡੇ ਹੱਥ ਵਾਹਿਗੁਰੂ ਅਤੇ ਕੌਮ ਦੇ ਸ਼ੁਕਰਾਨੇ ਵਿਚ ਝੁਕ ਜਾਂਦੇ ਹਨ।
ਦੱਸ ਦੇਈਏ ਕਿ 23 ਜਨਵਰੀ 1971 ਨੂੰ ਸਰਦਾਰ ਜਸਵਿੰਦਰ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਪਿੰਡ ਮਾਜਰੀ ਰਸੂਲੜਾ, ਜ਼ਿਲ੍ਹਾ ਖੰਨਾ ਵਿਖੇ ਜਨਮੇ ਭਾਈ ਗੁਰਮੀਤ ਸਿੰਘ ਇੰਜਨੀਅਰ ਦਾ ਪਰਿਵਾਰ ਪਟਿਆਲੇ ਚਲਾ ਗਿਆ, ਕਿਉਂਕਿ ਉਹਨਾਂ ਦੇ ਪਿਤਾ ਜੀ ਨੂੰ ਉੱਥੇ ਨੌਕਰੀ ਮਿਲ ਗਈ। ਉਨ੍ਹਾਂ ਨੇ 10ਵੀਂ ਜਮਾਤ ਯੂਨੀਵਰਸਿਟੀ ਮਾਡਲ ਸਕੂਲ, ਪਟਿਆਲਾ ਤੋਂ ਪਾਸ ਕੀਤੀ। ਫਿਰ ਭਾਈ ਸਾਹਿਬ ਨੇ ਪਟਿਆਲਾ ਦੇ ਥਾਪਰ ਕਾਲਜ ਵਿੱਚ ਇੰਜੀਨੀਅਰਿੰਗ ਕੋਰਸ ਵਿੱਚ ਦਾਖਲਾ ਲਿਆ। ਬਾਅਦ ਵਿੱਚ ਭਾਈ ਸਾਹਿਬ ਨੇ ਥਾਪਰ ਕਾਲਜ ਤੋਂ ਇੰਜੀਨੀਅਰਿੰਗ ਵਿੱਚ ਐਮ.ਏ ਅਤੇ ਬੀ.ਏ. ਦੀ ਗ੍ਰੈਜੂਏਸ਼ਨ ਕੀਤੀ, ਜਿੱਥੋਂ ਭਾਈ ਸਾਹਿਬ ਚੰਡੀਗੜ੍ਹ ਦੇ ਸੈਕਟਰ 22 ਵਿੱਚ ਬੀਪੀਐਲ ਟੀਵੀ ਲਈ ਇੱਕ ਇੰਜੀਨੀਅਰ ਵਜੋਂ ਨੌਕਰੀ ਕਰਦੇ ਸਨ। ਰੋਜ਼ਾਨਾ ਦੇ ਆਧਾਰ ‘ਤੇ ਪਟਿਆਲਾ ਤੋਂ ਚੰਡੀਗੜ੍ਹ ਆਉਣਾ ਆਸਾਨ ਨਹੀਂ ਸੀ। ਇਸ ਲਈ ਭਾਈ ਸਾਹਿਬ ਜੀ ਨੇ ਮੋਹਾਲੀ ਦੇ ਫੇਜ਼ 4 ਵਿੱਚ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿੰਦੇ ਸਨ।