ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮੁਹਾਲੀ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਹੁਣ ਸੈਣੀ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ ਕਿਉਂਕਿ ਸੁਮੇਧ ਸੈਣੀ ਨੂੰ ਜੋ ਆਰਜ਼ੀ ਜ਼ਮਾਨਤ ਮਿਲੀ ਸੀ ਉਹ ਵੀ ਅੱਜ ਖਤਮ ਹੋ ਗਈ ਹੈ।
29 ਸਾਲ ਪਹਿਲਾਂ ਬਲਵੰਤ ਸਿੰਘ ਮੁਲਤਾਨੀ ਨਾਮ ਦੇ ਨੌਜਵਾਨ ਨੂੰ ਸੁਮੇਧ ਸਿੰਘ ਸੈਣੀ ਦੀ ਪੁਲਿਸ ਪਾਰਟੀ ਨੇ ਘਰੋਂ ਗ੍ਰਿਫਤਾਰ ਕਰਨ ਤੋਂ ਬਾਅਦ ਸੈਕਟਰ 17 ਚੰਡੀਗੜ੍ਹ ਦੇ ਥਾਣੇ ਵਿੱਚ ਅੰਨ੍ਹਾ ਜ਼ੁਲਮ ਕਰਨ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਸੀ। ਝੂਠੀ ਕਹਾਣੀ ਇਹ ਬਣਾਈ ਸੀ ਕਿ ਬਲਵੰਤ ਸਿੰਘ ਮੁਲਤਾਨੀ ਰਸਤੇ ‘ਚੋਂ ਫਰਾਰ ਹੋ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਨੇ ਦੋ ਮਹੀਨੇ ਪਹਿਲਾਂ ਮੁਹਾਲੀ ਦੇ ਥਾਣਾ ਮਟੌਰ ਵਿੱਚ ਪਰਚਾ ਦਰਜ ਕਰਵਾਇਆ ਸੀ। ਪਿਛਲੇ ਦਿਨੀਂ ਸੁਮੇਧ ਸਿੰਘ ਸੈਣੀ ਦੇ ਸਾਥੀ ਰਹੇ ਦੋ ਪੁਲਿਸ ਮੁਲਾਜ਼ਮਾਂ ਨੇ ਮੁਹਾਲੀ ਦੀ ਅਦਾਲਤ ਵਿੱਚ ਵਾਅਦਾ ਮੁਆਫ਼ ਗਵਾਹ ਵਜੋਂ ਬਿਆਨ ਦਰਜ ਕਰਵਾ ਦਿੱਤੇ ਸਨ, ਜਿਸ ਤੋਂ ਬਾਅਦ ਅਦਾਲਤ ਨੇ ਸੁਮੇਧ ਸਿੰਘ ਸੈਣੀ ਖਿਲਾਫ ਕਤਲ ਦੀ ਧਾਰਾ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹੁਣ ਸੈਣੀ ਲਈ ਇਹ ਰਾਹ ਬਚਿਆ ਹੈ ਕਿ ਉਹ ਜਾਂ ਤਾਂ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਕੇ ਰਹੇ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਦਾਖਲ ਕਰੇ।