ਬਠਿੰਡਾ : ‘ਪੰਜਾਬ ਸਰਕਾਰ ਜਿੰਨੀਆਂ ਮਰਜ਼ੀ ‘ਸਿੱਟ’ ਬਣਾ ਲਵੇ, ਜਿੰਨੀ ਮਰਜ਼ੀ ਬਦਲ ਦੇਵੇ, ਪਰ ਦੋਸ਼ੀ ਤਾਂ ਦੋਸ਼ੀ ਰਹਿਣਗੇ’, ਇਹ ਕਹਿਣਾ ਹੈ ਭਾਈ ਬਲਜੀਤ ਸਿੰਘ ਦਾਦੂਵਾਲ ਦਾ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਬਰਗਾੜੀ ਬੇਅਦਬੀ ਕਾਂਡ ‘ਤੇ ਬਣਾਈ ਗਈ ਨਵੀਂ ‘ਸਿੱਟ’ ਬਾਰੇ ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ ਬੇਅਦਬੀ ਅਤੇ ਗੋਲੀਕਾਂਡ ਦੀ ਜਾਂਚ ਵਿੱਚ ਜੋ ਕੰਮ ਪਹਿਲੀ ‘ਸਿੱਟ’ ਨੇ ਕੀਤਾ ਉਹੀ ਕੰਮ ਹੁਣ ਨਵੀਂ ‘ਸਿੱਟ’ ਕਰ ਰਹੀ ਹੈ। ਅਫਸਰਾਂ ਵੱਲੋਂ ਹੁਣ ਵੀ ਪਹਿਲਾਂ ਵਾਲੇ ਬੰਦਿਆਂ ਨੂੰ ਹੀ ਦੋਸ਼ੀ ਠਹਿਰਾਇਆ ਗਿਆ ਹੈ।
ਦਾਦੂਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੀਯਤ ‘ਤੇ ਸਵਾਲ ਖੜੇ ਕਰਦੇ ਹੋਏ ਕਿਹਾ ਕਿ ਪਹਿਲਾਂ ਬਾਦਲ ਸਰਕਾਰ ਨੇ ਇਨਸਾਫ ਨਹੀਂ ਦਿੱਤਾ ਹੁਣ ਕੈਪਟਨ ਸਰਕਾਰ ਵੀ ਇਨਸਾਫ਼ ਨਹੀਂ ਦੇਣਾ ਚਾਹੁੰਦੀ। ਦਾਦੂਵਾਲ ਨੇ ਸਿੱਟ, ਕੈਪਟਨ, ਡੇਰਾ ਸਾਧ ਅਤੇ ਬਾਦਲਾਂ ਬਾਰੇ ਹੋਰ ਕੀ-ਕੀ ਕਿਹਾ .. ਜਾਣਨ ਲਈ ਵੇਖੋ ਇਹ ਵੀਡੀਓ ।
ਇਸ ਤੋਂ ਪਹਿਲਾਂ ਬਰਗਾੜੀ ਵਿਖੇ ਪੰਥਕ ਇਕੱਠ ਤੋਂ ਬਾਅਦ ਦਾਦੂਵਾਲ ਨੇ ਪੰਜਾਬ ਸਰਕਾਰ ਨੂੰ 30 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਹੈ। ਦਾਦੂਵਾਲ ਦਾ ਕਹਿਣਾ ਹੈ ਕਿ ਜੇਕਰ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ 30 ਜੂਨ ਤੱਕ ਸਲਾਖਾਂ ਪਿੱਛੇ ਨਹੀਂ ਸੁੱਟਿਆ ਗਿਆ ਤਾਂ ਸਿੱਖ ਜਥੇਬੰਦੀਆਂ ਪਹਿਲੀ ਜੁਲਾਈ ਨੂੰ ਮੁੜ ਤੋਂ ਬਰਗਾੜੀ ਇਨਸਾਫ਼ ਮੋਰਚਾ ਸ਼ੁਰੂ ਕਰ ਦੇਣਗੀਆਂ।