ਅੰਮ੍ਰਿਤਸਰ: ਪੰਜਾਬ ‘ਚ ਬੀਤੇ ਸਮੇਂ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਸਰਬੱਤ ਖਾਲਸਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੇ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਹੈ। ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਅੱਜ ਤਖ਼ਤ ਸਾਹਿਬ ਨਤਮਸਤਕ ਹੋਣ ਮੌਕੇ ਉਨ੍ਹਾਂ ਨੇ ਜਥੇਦਾਰੀ ਤੋਂ ਆਪਣਾ ਅਸਤੀਫਾ ‘ਬੇਨਤੀ ਪੱਤਰ’ ਦੇ ਰੂਪ ਵਿੱਚ ਪੰਥ ਖਾਲਸਾ ਦੇ ਨਾਂ ਦੇ ਦਿੱਤਾ।
ਹਰਿਆਣਾ ਕਮੇਟੀ ਦਾ ਪ੍ਰਧਾਨ ਬਣਨ ਦੇ ਸ਼ੁਕਰਾਨੇ ਵਜੋਂ ਭਾਈ ਦਾਦੂਵਾਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕ ਕੇ ਇੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 2014 ਤੋਂ ਹਰਿਆਣਾ ਗੁਰਦਵਾਰਾ ਕਮੇਟੀ ਦੀ ਹੋਂਦ ਦੇ ਸਮੇਂ ਤੋਂ ਉਹ ਅੰਤ੍ਰਿੰਗ ਮੈਂਬਰ ਚੱਲੇ ਆ ਰਹੇ ਹਨ ਅਤੇ ਹੁਣ 13 ਅਗਸਤ ਨੂੰ ਹੋਈ ਚੋਣ ਵਿੱਚ ਹਰਿਆਣਾ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਪ੍ਰਧਾਨ ਚੁਣ ਲਿਆ ਹੈ।
ਉਨ੍ਹਾਂ ਕਿਹਾ ਕਿ ਭਾਂਵੇ ਹਰਿਆਣਾ ਕਮੇਟੀ ਦੀ ਪ੍ਰਧਾਨਗੀ ਸਰਬੱਤ ਖਾਲਸਾ ਦੀ ਜਥੇਦਾਰੀ ਸਾਹਮਣੇ ਨਿਗੁਣੀ ਹੈ ਪਰ ਉਨ੍ਹਾਂ ਫੈਸਲਾ ਕੀਤਾ ਹੈ ਕਿ ਉਹ ਇਹ ਛੋਟੀ ਸੇਵਾ ਨਿਭਾਉਣਗੇ।
ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਰੱਖੇ ਬੇਨਤੀ ਪੱਤਰ ‘ਚ ਉਨ੍ਹਾਂ ਨੇ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਜਥੇਦਾਰੀ ਦੀ ਸੇਵਾ ਹੋਰ ਕਿਸੇ ਨੂੰ ਸੌਂਪ ਦੇਣ। ਉਨ੍ਹਾਂ ਨੇ ਇਸ ਮੌਕੇ ਕਿਸੇ ਵੀ ਹੋਰ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ। ਉਨ੍ਹਾਂ ਨਾਲ ਇਸ ਮੌਕੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਨ।