ਬਲਜੀਤ ਸਿੰਘ ਦਾਦੂਵਾਲ ਨੂੰ ਆ ਗਿਆ ਗੁੱਸਾ, ਕਹਿੰਦਾ ਅਕਾਲੀ ਦਲ ਨੂੰ ਕਰਵਾਓ ਅਜ਼ਾਦ

TeamGlobalPunjab
4 Min Read

ਸ਼੍ਰੋਮਣੀ ਅਕਾਲੀ ਦਲ ਪਾਰਟੀ ਬਣੀ ਨੂੰ 99ਵੇਂ ਸਾਲ ਹੋ ਗਏ ਹਨ। ਜਿਸ ‘ਤੇ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ‘ਚ  ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਗਿਆ। ਉੱਥੇ ਹੀ ਅਕਾਲੀ ਦਲ ਟਕਸਾਲੀ ਵੱਲੋਂ ਵੀ ਵੱਖਰੇ ਤੌਰ ‘ਤੇ ਸਮਾਗਮ ਕਰਕੇ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਦਾ ਵਿਰੋਧ ਵੀ ਕੀਤਾ ਗਿਆ। ਸਰਬੱਤ ਖਾਲਸਾ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਅਕਾਲੀ ਦਲ(ਬਾਦਲ) ਵਿਰੁੱਧ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਸੀ ਤੇ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ। ਬਾਬਾ ਖੜਕ ਸਿੰਘ ਤੇ ਜਥੇਦਾਰ ਮੋਹਨ ਸਿੰਘ ਤੁੜ ਤੇ ਕਈ ਹੋਰ ਚੜ੍ਹਦੀਕਲਾ ‘ਚ ਰਹਿਣ ਵਾਲੇ ਜਰਨੈਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ। ਜਿਨ੍ਹਾਂ ਨੇ ਸਿੱਖ ਕੌਮ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕੀਤੀ।

ਮੌਜੂਦਾ ਸਮੇਂ ਸ਼ਹੀਦਾਂ ਦੀ ਇਹ ਮਹਾਨ ਜਥੇਬੰਦੀ ਬਾਦਲ ਪਰਿਵਾਰ ਦੇ ਕਬਜੇ ਅਧੀਨ ਹੈ ਤੇ ਬਾਦਲ ਪਰਿਵਾਰ ਇਸ ਨੂੰ ਆਪਣੀ ਜਾਗੀਰ ਸਮਝਦਾ ਹੈ। ਬਾਦਲ ਪਰਿਵਾਰ ਵੱਲੋਂ ਮੋਗਾ ਕਾਨਫਰੰਸ ਤੋਂ ਬਾਅਦ ਇਸ ਜਥੇਬੰਦੀ ਨੂੰ ਪੰਜਾਬ ਪਾਰਟੀ ‘ਚ ਤਬਦੀਲ ਕਰ ਦਿੱਤਾ ਗਿਆ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਬਾਦਲ ਪਰਿਵਾਰ ਸ਼ਹੀਦਾਂ ਦੀ ਇਸ ਮਹਾਨ ਜਥੇਬੰਦੀ ਨੂੰ ਆਪਣੇ ਰਾਜਨੀਤਿਕ ਲਾਭ ਲਈ ਵਰਤਦਾ ਆ ਰਿਹਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੱਜ ਬਾਦਲ ਪਰਿਵਾਰ ਦੀ ਪੰਜਾਬੀ ਪਾਰਟੀ ਹੈ ਨਾ ਕਿ ਪੰਥ ਦੀ ਪੰਥਕ ਪਾਰਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਦਲਾ ਦੀ ਪੰਜਾਬੀ ਪਾਰਟੀ(ਸ਼੍ਰੋਮਣੀ ਅਕਾਲੀ ਦਲ ਬਾਦਲ) ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਤੇਜਾ ਸਿੰਘ ਸਮੁੰਦਰੀ ਹਾਲ ‘ਚ ਮਨਾਉਣ ਦੀ ਆਗਿਆ ਦਿੱਤੀ ਗਈ ਹੈ। ਜਿਸ ਨੂੰ ਸਿੱਖ ਪੰਥ(ਸਿੱਖ ਕੌਮ) ਕਦੇ ਵੀ ਪ੍ਰਵਾਨ ਨਹੀਂ ਕਰੇਗਾ।

ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਲਈ ਦਰਦ ਰੱਖਣ ਵਾਲੇ ਆਗੂਆਂ ਨੂੰ ਇੱਕ-ਇੱਕ ਕਰਕੇ ਸ਼੍ਰੋਮਣੀ ਅਕਾਲੀ ਦਲ ‘ਚੋਂ ਲਾਂਬੇ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪੰਥ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਲੋੜ ਹੈ। ਜਿਸ ਲਈ ਉਨ੍ਹਾਂ ਨੇ ਪੰਥ ਲਈ ਦਰਦ ਰੱਖਣ ਵਾਲੇ ਤੇ ਚੜ੍ਹਦੀਕਲਾ ‘ਚ ਰਹਿਣ ਵਾਲੇ ਸਾਰੇ ਪੰਥਕ ਆਗੂ, ਅਕਾਲੀ ਦਲ ਤੇ ਪੰਥਕ ਦਲਾਂ ਨੂੰ ਆਪਸੀ ਵਿਰੋਧ ਖਤਮ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ 99ਵੇਂ ਸਾਲਾ ਸਥਾਪਨਾ ਦਿਵਸ ਇਕੱਠੇ ਮਿਲ ਕੇ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਐੱਸਜੀਪੀਸੀ ਬਾਦਲ ਪਰਿਵਾਰ ਦੀ ਪੰਜਾਬੀ ਪਾਰਟੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ‘ਚ ਸਥਾਪਨਾ ਦਿਵਸ ਮਨਾਉਣ ਦੀ ਆਗਿਆ ਦਿੰਦੀ ਹੈ ਤਾਂ ਇਹ ਵੀ ਇਤਿਹਾਸ ਦਾ ਇੱਕ ਕਾਲਾ ਦਿਨ ਹੋਵੇਗਾ।

ਉਨ੍ਹਾਂ ਸਿੱਖ ਕੌਮ ਦੀ ਮਹਾਨ ਸੰਸਥਾ ਐੱਸਜੀਪੀਸੀ ਤੇ ਅਕਾਲ ਤਖਤ ਸਾਹਿਬ ਤੋਂ ਬਾਦਲ ਪਰਿਵਾਰ ਦਾ ਕਬਜਾ ਹਟਾਉਣ ਲਈ ਪੰਥਕ ਆਗੂਆਂ ਨੂੰ ਆਪਣਾ ਸਹਿਯੋਗ ਦੇਣ ਦੀ ਗੱਲ ਵੀ ਕਹੀ। ਬਾਦਲ ਪਰਿਵਾਰ ਨੇ ਸੰਸਥਾਵਾਂ ਦੇ ਮਹਾਨ ਅਸੂਲਾਂ ਤੇ ਸਿਧਾਂਤਾਂ ਨੂੰ ਰੋਲਿਆ ਹੈ। ਇਸ ਲਈ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣ ਦਾ ਕੋਈ ਹੱਕ ਨਹੀਂ ਹੈ।

ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਵੱਲੋਂ 1984 ਸਿੱਖ ਕਤਲੇਆਤ ‘ਤੇ ਦਿੱਤੇ ਬਿਆਨ ਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਮੌਜੂਦਾ ਸਰਕਾਰ ਨੇ ਬੜੀ ਸੋਚੀ ਸਮਝੀ ਸਾਜਿਸ਼ ਤਹਿਤ ਸਿੱਖ ਕਤਲੇਆਮ ਨੂੰ ਅੰਜਾਮ ਦਿੱਤਾ ਸੀ ਤੇ ਅੱਜ ਵੀ ਸਿੱਖ ਕੌਮ ਦੇ ਮਨਾਂ ‘ਚ 1984 ਸਿੱਖ ਕਤਲੇਆਮ ਦਾ ਦਰਦ ਬਰਕਰਾਰ ਹੈ।

ਉਨ੍ਹਾਂ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਨੂੰ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਤੇ ਹੋਰ ਬੰਦੀ ਸਿੱਖਾਂ ਨੂੰ ਵੀ ਰਿਹਾਅ ਕਰਨ ਦੀ ਅਪੀਲ ਕੀਤੀ।

Share This Article
Leave a Comment