ਅੰਮ੍ਰਿਤਸਰ: ਕੇਂਦਰੀ ਜਾਂਚ ਏਜੰਸੀ NIA ਵਲੋਂ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਬਲਦੇਵ ਸਿੰਘ ਸਿਰਸਾ ਸਣੇ ਕਈ ਲੋਕਾਂ ਨੂੰ ਨੋਟਿਸ ਭੇਜੇ ਹਨ।
ਇਸ ਸਬੰਧੀ ਪ੍ਰਤੀਕਿਰਿਆ ਦਿੰਦੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਸਣੇ ਬਹੁਤ ਸਾਰੇ ਕਿਸਾਨ ਸੰਘਰਸ਼ ‘ਚ ਸੇਵਾ ਕਰ ਰਹੇ ਲੋਕਾਂ ਨੂੰ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਪਰੇਸ਼ਾਨ ਕਰਨ ਲਈ ਨੋਟਿਸ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ 17 ਤਰੀਕ ਨੂੰ ਐਨਆਈਏ ਅੱਗੇ ਪੇਸ਼ ਹੋਣ ਦੇ ਲਈ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਦੋਹਤੀ ਦੇ ਵਿਆਹ ਕਾਰਨ ਉਹ ਧਰਨੇ ਤੋਂ ਅੰਮ੍ਰਿਤਸਰ ਪਹੁੰਚੇ ਹਨ, ਜਿਸ ਕਾਰਨ ਉਹ 8 ਫਰਵਰੀ ਤੱਕ NIA ਦੀ ਟੀਮ ਅੱਗੇ ਆਪਣਾ ਪੱਖ ਰੱਖਣ ਲਈ ਜਾ ਸਕਣਗੇ।
ਸਿਰਸਾ ਨੇ ਕਿਹਾ ਕਿ, ‘ਕਿਸਾਨ ਸੰਘਰਸ਼ ‘ਚ ਯੋਗਦਾਨ ਪਾ ਰਹੇ ਵਿਅਕਤੀਆਂ ਨੂੰ ਕੇਂਦਰ ਸਰਕਾਰ ਵਲੋਂ ਜਾਣ ਬੁੱਝ ਕੇ ਨੋਟਿਸ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਕਿਸਾਨਾਂ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਹੈ ਪਰ ਸਾਡੇ ‘ਤੇ ਇਸਦਾ ਕੋਈ ਅਸਰ ਨਹੀਂ ਪਵੇਗਾ, ਅਸੀਂ ਨਹੀਂ ਝੁਕਾਂਗੇ।’
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਇਹ ਮਾਮਲਾ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੀ ਹੋਣ ਵਾਲੀ ਮੀਟਿੰਗ ‘ਚ ਵੀ ਚੁੱਕਿਆ ਜਾਵੇਗਾ।