ਹਰਸਿਮਰਤ ਦੀ ਵਜ਼ੀਰੀ ਲਈ ਮੋਦੀ-ਸ਼ਾਹ ਦੇ ਪੈਰੀਂ ਡਿੱਗੇ ਬਾਦਲ: ਭਗਵੰਤ ਮਾਨ

TeamGlobalPunjab
3 Min Read

ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ (ਬਾਦਲ) ਵੱਲੋਂ ਯੂ-ਟਰਨ ਲੈਂਦੇ ਹੋਏ ਭਾਜਪਾ ਨੂੰ ਹਿਮਾਇਤ ਕਰਨ ਸੰਬੰਧੀ ਤਾਜ਼ਾ ਐਲਾਨ ਬਾਰੇ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ ਕਿ ਚਾਰ ਦਿਨ ਪਹਿਲਾਂ ਵਿਵਾਦਿਤ ਸੀਏਏ ਦੇ ਮੁੱਦੇ ‘ਤੇ ਦਿੱਲੀ ‘ਚ ਭਾਜਪਾ ਨਾਲ ਮਿਲ ਕੇ ਚੋਣਾਂ ਨਾ ਲੜਨ ਦੀ ਘੁਰਕੀ ਮਾਰਨ ਵਾਲੇ ਬਾਦਲਾਂ ਦਾ ਇਸ ਤਰਾਂ ਭਾਜਪਾ ਖ਼ਾਸ ਕਰ ਕੇ ਮੋਦੀ-ਅਮਿਤ ਸ਼ਾਹ ਦੇ ਪੈਰਾਂ ‘ਚ ਡਿਗਣਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਵਜ਼ੀਰੀ ਬਚਾਉਣ ਦੀ ਆਖ਼ਰੀ ਕੋਸ਼ਿਸ਼ ਹੈ, ਪਰੰਤੂ ਬਾਦਲ ਪਰਿਵਾਰ ਦੀ ਇਸ ਨਿੱਜੀ ਲਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਿੱਟੀ ‘ਚ ਰੋਲ ਦਿੱਤਾ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਗਰੀਸ ਸੋਨੀ ਦੇ ਹੱਕ ਵਿਚ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਕੀ ਭਾਜਪਾ ਨੇ ਸੀਏਏ ਸੰਬੰਧੀ ਉਨ੍ਹਾਂ (ਅਕਾਲੀ ਦਲ) ਦੀ ਇਹ ਮੰਗ ਮੰਨ ਲਈ ਹੈ, ਜਿਸ ਕਾਰਨ ਅਕਾਲੀ ਦਲ ਨੇ ਪਿਛਲੇ ਹਫ਼ਤੇ ਦਿੱਲੀ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜਨ ਤੋਂ ਇਨਕਾਰ ਕਰ ਦਿੱਤਾ ਸੀ?

ਭਗਵੰਤ ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੀ ਡਗਮਗਾ ਰਹੀ ਕੁਰਸੀ ਨੂੰ ਬਚਾਉਣ ਲਈ ਬਾਦਲ ਪਰਿਵਾਰ ਆਪਣੀ ਨੈਤਿਕਤਾ ਦੇ ਨਾਲ-ਨਾਲ ਪਾਰਟੀ ਦੇ ਸਿਧਾਂਤਾਂ ਨੂੰ ਵੀ ਛਿੱਕੇ ਟੰਗ ਰਹੇ ਹਨ। ਭਗਵੰਤ ਮਾਨ ਨੇ ਪੁੱਛਿਆ ਕਿ ਕੀ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਅਤੇ ਆਪਣੀ ਪਾਰਟੀ (ਅਕਾਲੀ ਦਲ) ਦੇ ਲੋਕਾਂ ਨੂੰ ਦੱਸ ਸਕਣਗੇ ਕਿ ਹਰਸਿਮਰਤ ਦੀ ਵਜ਼ੀਰੀ ਲਈ ਹੋਰ ਕਿੰਨੀ ਵਾਰ ਸਟੈਂਡ ਬਦਲਣਗੇ।

ਭਗਵੰਤ ਮਾਨ ਨੇ ਕਿਹਾ ਕਿ ਪਹਿਲਾ ਪੰਜਾਬ ਦੇ ਹਿੱਤ ਗਹਿਣੇ ਧਰ ਕੇ ਬਾਦਲ ਪਰਿਵਾਰ ਨੇ ਆਪਣੀ ਨੂੰਹ ਰਾਣੀ ਨੂੰ ਮੰਤਰੀ ਦੀ ਕੁਰਸੀ ‘ਤੇ ਬਿਠਾਇਆ, ਹੁਣ ਜਦ ਬਾਦਲਾਂ ਕੋਲੋਂ ਪੰਜਾਬ ਦੀ ਸੱਤਾ ਖੁੱਸ ਗਈ ਤਾਂ ਇਸ ਟੱਬਰ ਨੇ ਆਪਣੀ ਪਾਰਟੀ ਦਾ ਹੀ ਸੌਦਾ ਕਰ ਲਿਆ।

- Advertisement -

ਭਗਵੰਤ ਮਾਨ ਨੇ ਕਿਹਾ ਕਿ ਬਾਦਲ-ਭਾਜਪਾ ਨਾਪਾਕ ਗੱਠਜੋੜ ਵੈਂਟੀਲੇਟਰ ‘ਤੇ ਜਾ ਚੁੱਕਾ ਹੈ, ਬਸ ਹੁਣ ਰਸਮੀ ਐਲਾਨ ਬਾਕੀ ਹੈ, ਜੋ ਦਿੱਲੀ ਚੋਣਾਂ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਦੀ ਛੁੱਟੀ ਨਾਲ ਹੋ ਜਾਵੇਗਾ।ਇਸ ਲਈ ਜੇਕਰ ਬਾਦਲ ਪਰਿਵਾਰ ‘ਚ ਜਰਾ-ਜਿੰਨੀ ਵੀ ਜ਼ਮੀਰ ਜਿੰਦਾ ਬਚੀ ਹੈ ਤਾਂ ਉਹ ਭਾਜਪਾ ਨਾਲੋਂ ਨਾਤਾ ਤੋੜ ਕੇ ਦਿੱਲੀ ਚੋਣਾਂ ‘ਚ ਨਫ਼ਰਤ ਦੀ ਸਿਆਸਤ ਕਰ ਰਹੀ ਭਾਜਪਾ ਨੂੰ ਕਰਾਰੀ ਹਾਰ ‘ਚ ਹਿੱਸਾ ਪਾਉਣ।

Share this Article
Leave a comment