ਬਾਦਲ-ਬਸਪਾ ਗੱਠਜੋੜ ਨੇ ਹਿਲਾਈ ਪੰਜਾਬ ਭਾਜਪਾ – ਕੀ ਇਹ 2022 ਦੀ ਤਿਆਰੀ ਹੈ ?

TeamGlobalPunjab
9 Min Read

-ਗੁਰਮੀਤ ਸਿੰਘ ਪਲਾਹੀ;

ਪੰਜਾਬ ਜਾਂ ਪੰਜਾਬ ਨਾਲ ਸਬੰਧਤ ਸਿੱਖ ਚਿਹਰਿਆਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਭਾਜਪਾ ਵਿੱਚ ਸ਼ਾਮਲ ਕਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇਸਦੀ ਉਡੀਕ ਤਾਂ ਕਾਫ਼ੀ ਸਮੇਂ ਤੋਂ ਸੀ। ਪਰ ਹੁਣ ਜਦੋਂ ਬਾਦਲ ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਸਿਰੇ ਚੜ੍ਹ ਗਿਆ ਹੈ, ਤਾਂ ਭਾਜਪਾ ਵਲੋਂ ਪੰਜਾਬ ਵਿੱਚ ਵੰਡ-ਪਾਊ ਖੇਡ ਦਾ ਆਗਾਜ਼ ਹੋ ਗਿਆ ਹੈ।

ਪੰਜਾਬ ‘ਚ ਸਿੱਖ ਚਿਹਰਿਆਂ ਨੂੰ ਅੱਗੇ ਲਿਆਉਣ, ਉਹਨਾ ਨੂੰ ਵਿਧਾਨ ਸਭਾ ਚੋਣਾਂ- 2022 ‘ਚ ਚੋਣ ਲੜਾਉਣ ਅਤੇ ਇਹ ਵਿਖਾਉਣ ਲਈ ਕਿ ਭਾਜਪਾ ਸੈਕੂਲਰ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ, ਲਈ ਪਹਿਲਾਂ ਹੀ ਭਾਜਪਾ ਕੇਂਦਰੀ ਪੱਧਰ ਉਤੇ ਕੁਝ ਚਿਹਰੇ ਜਿਹਨਾ ‘ਚ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ, ਸੂਬਾ ਪੱਧਰ ਤੇ ਹਰਜੀਤ ਸਿੰਘ ਗਰੇਵਾਲ, ਸਾਬਕਾ ਪੁਲਿਸ ਅਫ਼ਸਰ ਇਕਬਾਲ ਸਿੰਘ ਲਾਲਪੁਰਾ ਆਦਿ ਸ਼ਾਮਲ ਹਨ, ਦੀ ਨੇਤਾਗਿਰੀ ਨੂੰ ਚਮਕਾ ਰਹੀ ਹੈ ਅਤੇ ਇਕਬਾਲ ਸਿੰਘ ਲਾਲਪੁਰਾ ਦੀ ਪਹਿਲਕਦਮੀ ਉਤੇ ਹੀ ਪੰਜਾਬ ਦੀਆਂ ਛੇ ਸਖ਼ਸ਼ੀਅਤਾਂ, ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਲ ਦੀ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਅਤੇ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਜਸਵਿੰਦਰ ਸਿੰਘ ਢਿੱਲੋਂ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਕਾਹਲੋਂ ਅਤੇ ਸਾਬਕਾ ਫੈਡਰੇਸ਼ਨ ਆਗੂ ਕੁਲਦੀਪ ਸਿੰਘ ਕਾਹਲੋਂ, ਐਡਵੋਕੇਟ ਜਗਮੋਹਨ ਸਿੰਘ ਸੈਣੀ, ਜੋ ਕਿ ਕਿਸਾਨਾਂ ਦੇ ਬੁੱਧੀਜੀਵੀ ਫਰੰਟ (ਪਟਿਆਲਾ) ਦੇ ਪ੍ਰਧਾਨ ਹਨ, ਐਡਵੋਕੇਟ ਨਿਰਮਲ ਸਿੰਘ ਅਤੇ ਕਰਨਲ ਜੈਬੈਂਸ ਸਿੰਘ ਨੂੰ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਭਾਜਪਾ ਜਨਲਰ ਸਕੱਤਰ ਦੁਸ਼ਿਅੰਤ ਕੁਮਾਰ ਗੌਤਮ ਪਾੰਜਬ, ਭਾਜਪਾ ਪ੍ਰਧਾਨ ਅਸ਼ਵਨੀ ਕੁਮਾਰ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ ਹੈ।

- Advertisement -

ਅਸਲ ਅਰਥਾਂ ਵਿੱਚ ਭਾਜਪਾ ਨੇ ਹੁਣ ਵਿਧਾਨ ਸਭਾ ਚੋਣਾਂ ਦੀ ਤਿਆਰੀ ਆਰੰਭ ਦਿੱਤੀ ਹੈ ਤੇ ਸਿੱਖ ਚਿਹਰਿਆਂ ਨੂੰ ਉਹਨਾ ਸੀਟਾਂ ਉਤੇ ਖੜ੍ਹੇ ਕਰਕੇ ਚੋਣ ਲੜਾਉਣ ਦਾ ਫ਼ੈਸਲਾ ਲੈਣਾ ਹੈ, ਜਿਥੇ ਉਹ ਬਾਦਲ ਅਕਾਲੀ ਦਲ ਦੀ ਭਾਈਵਾਲੀ ਨਾਲ ਚੋਣਾਂ ਲੜਿਆ ਕਰਦਾ ਸੀ ਅਤੇ ਜਿਥੇ ਬਾਦਲ ਅਕਾਲੀ ਦਲ ਦੇ ਸਿੱਖ ਚਿਹਰੇ ਚੋਣ ਮੈਦਾਨ ‘ਚ ਉਤਾਰੇ ਜਾਂਦੇ ਸਨ।

ਪਾਰਟੀ ਵਲੋਂ ਹਾਲੇ ਤੱਕ ਤਾਂ 117 ਵਿਧਾਨ ਸਭਾ ਸੀਟਾਂ ਤੇ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਹੈ ਪਰ ਭਾਜਪਾ ਨੇਤਾਵਾਂ ਵਲੋਂ ਕਿਸੇ ਨਵੇਂ ਗੱਠਜੋੜ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਲ 2017 ‘ਚ ਤਾਂ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਰਲਕੇ ਸੀਟਾਂ ਲੜੀਆਂ ਸਨ ਅਤੇ ਭਾਜਪਾ ਨੇ 23 ਉਮੀਦਵਾਰ ਖੜ੍ਹੇ ਕੀਤੇ ਸਨ। ਭਾਵੇਂ ਕਿ ਇਹਨਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ 15 ਅਤੇ ਭਾਜਪਾ 03 ਸੀਟਾਂ ਹੀ ਜਿੱਤ ਸਕੀ ਸੀ।
ਹੁਣ ਵਾਲਾ ਘਟਨਾਕ੍ਰਮ ਇੱਕ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈਕੇ ਬਣਾਈ ਗਈ ਰਣਨੀਤੀ ਦਾ ਸਿੱਟਾ ਹੈ।

ਇਹ ਰਣਨੀਤੀ ਉਸ ਉੱਚ ਪੱਧਰੀ ਰਣਨੀਤਕ ਮੀਟਿੰਗ ‘ਚ ਤਿਆਰ ਕੀਤੀ ਗਈ ਹੈ, ਜਿਸ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪਾਰਟੀ ਪ੍ਰਧਾਨ ਜੇ.ਪੀ. ਨੱਢਾ ਅਤੇ ਸੂਬਾਈ ਆਗੂ ਸ਼ਾਮਲ ਸਨ। ਇਹ ਰਣਨੀਤੀ ਇਸ ਕਰਕੇ ਘੜੀ ਗਈ ਹੈ ਅਤੇ ਇਹ ਸਿੱਧ ਕਰਨ ਲਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕਿ ਪੰਜਾਬ ਵਿੱਚ ਲੋਕ ਕਿਸਾਨ ਭਾਜਪਾ ਤੋਂ ਖਫ਼ਾ ਨਹੀਂ ਹਨ। ਦੂਜਾ ਇਹ ਕਿ ਭਾਜਪਾ ਪੰਜਾਬ ਵਿੱਚ ਸ਼ਾਂਤੀ ਅਤੇ ਵਿਕਾਸ ਚਾਹੁੰਦੀ ਹੈ ਅਤੇ ਉਹਨਾ ਲੋਕਾਂ ਨੂੰ ਪਾਰਟੀ ਨਾਲ ਜੋੜਨਾ ਚਾਹੁੰਦੀ ਹੈ, ਜਿਹਨਾ ਦਾ ਆਪਣਾ ਕੋਈ ਸਿਆਸੀ ਪਿਛੋਕੜ ਨਹੀਂ ਹੈ।

ਇਥੇ ਇਹ ਗੱਲ ਵਰਨਣਯੋਗ ਹੈ ਕਿ ਇਹ ਸਿੱਖ ਸਖ਼ਸ਼ੀਅਤਾਂ ਉਸ ਵੇਲੇ ਭਾਜਪਾ ਨਾਲ ਜੁੜੀਆਂ ਹਨ, ਜਦੋਂ ਕਾਲੇ ਖੇਤੀ ਕਾਨੂੰਨਾਂ ਕਾਰਨ ਪੰਜਾਬ ਵਿੱਚ ਭਾਜਪਾ ਅਤੇ ਪੰਜਾਬ ਦੇ ਭਾਜਪਾ ਨੇਤਾਵਾਂ ਪ੍ਰਤੀ ਵੱਡਾ ਰੋਸ ਹੈ। ਕਿਸਾਨ ਭਾਜਪਾ ਆਗੂਆਂ ਨੂੰ ਲੋਕਾਂ ਵਿੱਚ ਵਿਚਰਨ ਨਹੀਂ ਦੇ ਰਹੇ, ਉਹਨਾ ਦਾ ਸ਼ਰ੍ਹੇਆਮ ਵਿਰੋਧ ਕਰਦੇ ਹਨ। ਪੰਜਾਬ ਦੇ ਕੁਝ ਭਾਜਪਾ ਆਗੂ ਵੀ ਰਾਸ਼ਟਰੀ ਭਾਜਪਾ ਵਲੋਂ ਕਿਸਾਨਾਂ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਨਾ ਮੰਨੇ ਜਾਣ ਦਾ ਵਿਰੋਧ ਕਰਦੇ ਹਨ ਅਤੇ ਕੁਝ ਭਾਜਪਾ ਆਗੂ ਇਸ ਸਬੰਧ ਵਿੱਚ ਨਾ ਖ਼ੁਸ਼ੀ ਵੀ ਪ੍ਰਗਟ ਕਰ ਚੁੱਕੇ ਹਨ।

ਭਾਵੇਂ ਕਿ ਭਾਜਪਾ ਦੇ ਕੁਝ ਮੰਤਰੀ ਅਤੇ ਨੇਤਾ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਇਹ ਦੱਸਦੇ ਹਨ ਕਿ ਕਿਸਾਨ ਜੱਥੇਬੰਦੀਆਂ ਨੇ ਨਿੱਜੀ ਸਵਾਰਥਾਂ ਕਾਰਨ ਸਮਾਜ ‘ਚ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ। ਪਰ ਕੁਝ ਸਮਾਂ ਪਹਿਲਾਂ ਪੰਜਾਬ ਦੇ ਹਿਤੈਸ਼ੀ ਨਾ ਹੋਕੇ ਆਪਣੇ ਹਿੱਤਾਂ ਦੀ ਪੂਰਤੀ ਲਈ “ਪੰਜਾਬ ਦਾ ਮੁੱਖਮੰਤਰੀ“ ਜਾਤੀ ਅਧਾਰਿਤ ਕਿਸੇ ‘ਦਲਿਤ ਨੇਤਾ‘ ਨੂੰ ਬਨਾਉਣ ਦੀ ਰਣਨੀਤੀ ਬਣਾਈ ਹੈ ਅਤੇ ਇਸ ਦਾ ਐਲਾਨ ਸ਼ਰ੍ਹੇਆਮ ਕੀਤਾ ਹੈ। ਜਿਹੜਾ ਕਿ ਇਹ ਗੱਲ ਦਰਸਾਉਂਦਾ ਹੈ ਕਿ ਕਿਸੇ ਵਿਸ਼ੇਸ਼ ਧਿਰ, ਵਿਸ਼ੇਸ਼ ਜਾਤ, ਵਿਸ਼ੇਸ਼ ਧਰਮ ਦੇ ਲੋਕਾਂ ਨੂੰ ਅੱਗੇ ਕਰਕੇ ਕੁਰਸੀ ਯੁੱਧ ਹਰ ਹੀਲੇ ਜਿੱਤਿਆ ਜਾਵੇ ਅਤੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ, ਉਹਨਾ ਦੇ ਵਿਸ਼ੇਸ਼ ਮੁੱਦਿਆਂ ਨੂੰ ਅੱਖੋਂ ਪਰੋਖੇ ਕਰਕੇ ਸਿਰਫ ਆਪਣੇ ਹਿੱਤ ਸਾਧੇ ਜਾਣ ਅਤੇ ਆਪਣਾ ਰਾਸ਼ਟਰੀ ਅਜੰਡਾ ਲਾਗੂ ਕੀਤਾ ਜਾਵੇ।

- Advertisement -

ਬਿਨ੍ਹਾ ਸ਼ੱਕ ਇਸ ਵੇਲੇ ਰਾਸ਼ਟਰੀ ਭਾਜਪਾ, ਪੂਰੇ ਦਬਾਅ ਵਿਚ ਹੈ। ਇੱਕ ਵੱਡਾ ਦਬਾਅ, ਕਿਸਾਨ ਅੰਦੋਲਨ ਦਾ ਹੈ, ਜਿਸ ਕਾਰਨ ਮੋਦੀ ਸਰਕਾਰ, ਭਾਜਪਾ ਦੀ ਦੇਸ਼-ਵਿਦੇਸ਼ ’ਚ ਵੱਡੀ ਬਦਨਾਮੀ ਹੋ ਰਹੀ ਹੈ। ਦੂਜਾ ਉਸ ਵਲੋਂ ਵੱਡੇ ਦਾਅਵਿਆਂ ਯਤਨਾਂ ਦੇ ਬਾਵਜ਼ੂਦ ਵੀ ਉਸਨੂੰ ਪੱਛਮ ਬੰਗਾਲ ਵਿਚ ਜਿੱਤ ਪ੍ਰਾਪਤ ਨਹੀਂ ਹੋ ਸਕੀ, ਜਿਸਨੂੰ ਉਹ ਹਰ ਹੀਲੇ ਜਿਤਣਾ ਚਾਹੁੰਦੀ ਸੀ। ਤੀਜਾ ਕਰੋਨਾ ਮਹਾਂਮਾਰੀ ਨੂੰ ਚੰਗੀ ਤਰ੍ਹਾਂ ਨਜਿੱਠਣ ’ਚ ਨਾਕਾਮਜਾਬੀ ਵੀ ਉਸਨੂੰ ਪ੍ਰੇਸ਼ਾਨ ਕਰ ਰਹੀ ਹੈ।

ਦੇਸ਼-ਵਿਦੇਸ਼ ਵਿੱਚ ਉੁਸਦੀਆਂ ਨੀਤੀਆਂ ਦੀ ਇਸ ਕਰਕੇ ਵੀ ਬਦਨਾਮੀ ਹੋ ਰਹੀ ਹੈ ਕਿ ਭਾਜਪਾ ਸਰਕਾਰ ਵਲੋਂ ਘੱਟ ਗਿਣਤੀਆਂ ਨਾਲ ਸਬੰਧਤ ਭਾਈਚਾਰੇ ਦੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ। ਪੱਤਰਕਾਰਾਂ, ਬੁਧੀਜੀਵੀਆਂ, ਵਿਦਿਆਰਥੀਆਂ ਅਤੇ ਆਪਣੇ ਹੱਕਾਂ-ਹਿੱਤਾਂ ਲਈ ਅੰਦੋਲਨ ਕਰਨ ਵਾਲੇ ਲੋਕਾਂ ਦੇ ਖਿਲਾਫ ਦੇਸ਼-ਧ੍ਰੋਹ, ਬਗਾਵਤ ਜਾਂ ਗੈਰ ਕਾਨੂੰਨੀ ਕਾਰਵਾਈਆਂ ਰੋਕਣ ਲਈ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ਅਤੇ ਭਾਰਤੀ ਸੰਵਿਧਾਂਨ ਨੂੰ ਆਪਣੇ ਤਰੀਕੇ ਨਾਲ ਹੀ ਤਰੋੜ-ਮਰੋੜ ਕਾਨੂੰਨ ਬਣਾਏ ਅਤੇ ਲਾਗੂ ਕੀਤੇ ਜਾ ਰਹੇ ਹਨ।

ਪਰ ਇਹਨਾਂ ਸਾਰੀਆਂ ਬਦਨਾਮੀਆਂ ਤੋਂ ਵੱਧ ਬਦਨਾਮੀ ਕਿਸਾਨ ਅੰਦੋਲਨ ਕਾਰਨ ਹੈ ਅਤੇ ਉਹ ਵੀ ਪੰਜਾਬ ਤੋਂ ਉੱਠੇ ਕਿਸਾਨ ਅੰਦੋਲਨ ਕਾਰਨ, ਜਿਸ ਨੂੰ ਹਰ ਹੀਲੇ ਹਰ ਹਰਬਾ ਵਰਤਕੇ ਕੇਂਦਰ ਸਰਕਾਰ ਤਾਰ ਪੀਡੋ ਕਰਨ ਦੇ ਰਾਹ ਹੈ। ਬਹੁਤੇ ਯਤਨਾਂ ਕਾਰਨ ਵੀ ਕਿਸਾਨ ਅੰਦੋਲਨ ’ਚ ਨਾ ਫੁੱਟ ਪਾਈ ਜਾ ਸਕੀ ਹੈ, ਅਤੇ ਨਾ ਹੀ ਇਸ ਨੂੰ ਫੇਲ੍ਹ ਕੀਤਾ ਜਾ ਸਕਿਆ ਹੈ।

ਪਰ ਭਾਜਪਾ ਸਰਕਾਰ ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ’ਚ ਜਿੱਤ ਪ੍ਰਾਪਤ ਕਰਕੇ ਜਾਂ ਫਿਰ ਚੰਗੀ ਕਾਰਗੁਜ਼ਾਰੀ ਕਰਕੇ ਇਹ ਦਰਸਾਉਣਾ ਚਾਹੁੰਦੀ ਕਿ ਉਸ ਵਲੋਂ ਬਣਾਏ ਗਏ ਕਾਨੂੰਨ ਕਿਸਾਨ ਹਿਤੈਸ਼ੀ, ਜਿਹਨਾ ਬਾਰੇ ਆਮ ਲੋਕਾਂ ਦੀ ਧਾਰਨਾ ਹੈ ਕਿ ਮੋਦੀ ਸਰਕਾਰ ਨੇ ਪੰਜਾਬ ਦੀ ਖੇਤੀ ਉੱਤੇ ਮੈਲੀ ਅੱਖ ਰੱਖੀ ਹੋਈ ਹੈ ਅਤੇ ਉਹ ਪੰਜਾਬ ਦੀ ਖੇਤੀ ਅਤੇ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਹੱਥ ਸੌਂਪ ਦੇਣਾ ਚਾਹੁੰਦੀ ਹੈ।

ਪੰਜਾਬ ਲਈ ਆਉਣ ਵਾਲਾ ਸਮਾਂ ਅਤਿ ਪਰਖ ਦੀ ਘੜੀ ਵਾਲਾ ਹੈ। ਭਾਜਪਾ ਸ਼ਤਰੰਜ਼ ’ਚੋਂ ਆਪਣੇ ਮੋਹਰੇ, ਪਿਆਦੇ ਉਸ ਰੰਗ ਦੇ ਕੱਢੇਗੀ, ਜਿਸ ਨਾਲ ਭਾਜਪਾ ਨੂੰ ਲਾਭ ਹੋਵੇ ਅਤੇ ਖਾਸ ਕਰਕੇ ਕਿਸਾਨ ਅੰਦੋਲਨ, ਜਿਹੜਾ ਉਸ ਦੇ ਸੰਘ ਦੀ ਹੱਡੀ ਬਣ ਰਿਹਾ ਹੈ, ਨੂੰ ਨੁਕਸਾਨ ਪਹੁੰਚਾਵੇ। ਇਹ ਵੀ ਸੰਭਵ ਹੈ ਕਿ ਉਹ ਕਿਸਾਨ ਜਥੇਬੰਦੀਆਂ ਨਾਲ ਆਖਰੀ ਸਮੇਂ ਸਮਝੋਤਾ ਕਰੇ, ਜਾਂ ਪੰਜਾਬ ਦੀ ਕਿਸੇ ਸਿਆਸੀ ਧਿਰ ਨਾਲ ਸਾਂਝ ਪਾ ਕੇ ਚੋਣ ਗੱਠਜੋੜ ਕਰੇ।

ਉਂਜ ਸੰਭਵਤਾ ਭਾਜਪਾ ਦਾ ਪੰਜਾਬ ਅਜੰਡਾ ਪੰਜਾਬ ਵਿਚ ਦਲਿਤ ਭਾਈਚਾਰੇ ਨੂੰ ਆਪਣੇ ਹਿੱਤ ਵਿੱਚ ਕਰਨਾ ਹੋਏਗਾ, ਜਿਹਨਾ ਨੂੰ ਆਪਣੇ ਨਾਲ ਜੋੜ ਕੇ ਅਤੇ ਕਿਸਾਨਾਂ ਨਾਲੋਂ ਤੋੜ ਕੇ ਉਹ ਆਪਣਾ ਵੋਟ ਬੈਂਕ ਪੱਕਾ ਕਰਨ ਦੇ ਰਾਹ ਤਾਂ ਪਏਗੀ ਹੀ ਪਰ ਜਿਵੇਂ ਕਿ ਉਸ ਨੇ ਬੰਗਾਲ ’ਚ ਵੀ ਕੀਤਾ ਹੈ ਖਾਸ ਵਰਗ ਦੇ ਲੋਕਾਂ ਨੂੰ ਆਹੁਦਿਆਂ ਦਾ ਲਾਲਚ ਦੇ ਕੇ, ਸਾਮ, ਦਾਮ, ਦੰਗ ਦਾ ਫਾਰਮੂਲਾ ਅਪਨਾ ਕੇ ਉਸ ਵਲੋਂ ਪੰਜਾਬ ਦੀ ਤਾਕਤ ਹਥਿਆਉਣ ਦਾ ਯਤਨ ਹੋਏਗਾ।

ਕਾਂਗਰਸ ਤਾਂ ਪੰਜਾਬ ’ਚ ਇਕੱਲਿਆਂ ਚੋਣ ਲੜੇਗੀ, ਪਰ ਹੋ ਸਕਦਾ ਹੈ ਕਿ ਖੱਬੀਆਂ ਧਿਰਾਂ ਨਾਲ ਉਸਦੀ ਸਾਂਝ ਬਣ ਜਾਏ, ਚਰਚਾ ਖੱਬਿਆਂ ਦੀ ਬਾਦਲ-ਬਸਪਾ ਗੱਠਜੋੜ ਨਾਲ ਗੱਲਬਾਤ ਦੀ ਵੀ ਹੋ ਰਹੀ ਹੈ। ਆਮ ਆਦਮੀ ਪਾਰਟੀ ਇਕੱਲੇ ਚੋਣ ਲੜਨ ਦਾ ਐਲਾਨ ਕਰੀ ਜਾ ਰਹੀ ਹੈ, ਪਰ ਅੰਦਰੋਗਤੀ ਭਾਈਵਾਲ ਲੱਭ ਰਹੀ ਹੈ।ਹੋ ਸਕਦਾ ਹੈ ਉਸਦੀ ਸਾਝ ਸ਼੍ਰੋਮਣੀ ਅਕਾਲੀ ਦਲ (ਸ) ਜਿਸਦੇ ਨੇਤਾ ਸੁਖਦੇਵ ਸਿੰਘ ਢੀਂਡਸਾ ਹਨ, ਉਸਦੀ ਸਾਂਝ ਨਾਲ ਪੈ ਜਾਵੇ।
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਤਾਂ ਟੀਮ ਬਣਾ ਹੀ ਲਈ ਹੈ। ਹਾਲੇ ਕਿਉਂਕਿ ਚੋਣਾਂ ’ਚ ਸਮਾਂ ਹੈ, ਸੋ ਸਮੀਕਰਨ ਬਦਲਦੇ ਰਹਿਣਗੇ, ਪਰ ਭਾਜਪਾ ਪੰਜਾਬ ਨੂੰ ਜਿੱਤਣ ਲਈ ਪੂਰਾ ਵਾਹ ਲਾਏਗੀ, ਜੋ ਇਸ ਗੱਲ ਤੋਂ ਪਤਾ ਲਗਦਾ ਹੈ ਕਿ ਉਸ ਵਲੋਂ ਪੰਜਾਬ ਦੇ ਉੱਚ ਪੱਧਰੀ ਬੁੱਧੀਜੀਵੀਆਂ, ਕਾਰਕੁਨਾਂ, ਸਮਾਜ ਸੇਵਕਾਂ, ਸਿੱਖ ਚਿਹਰਿਆਂ ਅਤੇ ਅਕਾਲੀ-ਬਸਪਾ ਦਾ ਤੋੜ ਲੱਭਣ ਲਈ ਦਲਿਤ ਲੋਕਾਂ ਦੇ ਵੱਖੋ-ਵੱਖਰੇ ਸੰਗਠਨਾਂ ਨਾਲ ਪਹੁੰਚ ਕਰਨਾ ਆਰੰਭਿਆ ਜਾ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ‘ਚ ਸੰਭਵਤਾ ‘ਚੋਣਾਂ ‘ਚ ਦਾਅ ਲਾਉਣ ਵਾਲੇ’ ਵੱਡੀ ਗਿਣਤੀ ਨੇਤਾ ਅਤੇ ਕਾਰਕੁਨ ਭਾਜਪਾ ਦੀ ਬਾਂਹ ਫੜ ਲੈਣ।

Share this Article
Leave a comment