ਬਾਬਾ ਰਾਮਦੇਵ ਖਿਲਾਫ਼ 1000 ਕਰੋੜ ਦਾ ਮਾਣਹਾਨੀ ਦਾਅਵਾ ਠੋਕਣ ਦੀ ਚਿਤਾਵਨੀ

TeamGlobalPunjab
2 Min Read

ਦੇਹਰਾਦੂਨ : ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸੀਬਤਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਬਾਬਾ ਰਾਮਦੇਵ ਵੱਲੋਂ ਆਪਣਾ ਵਿਵਾਦਤ ਬਿਆਨ ਵਾਪਸ ਲੈਣ ਦੇ 36 ਘੰਟਿਆਂ ਵਿੱਚ ਹੀ ਇੱਕ ਹੋਰ ਨਵਾਂ ਬਖੇੜਾ ਖੜਾ ਹੋ ਗਿਆ ਹੈ। ਐਲੋਪੈਥੀ ‘ਤੇ ਦਿੱਤੇ ਬਿਆਨ ਤੋਂ ਨਾਰਾਜ਼ ਆਈਐੱਮਏ ਉੱਤਰਾਖੰਡ ਨੇ ਯੋਗ ਗੁਰੂ ਸਵਾਮੀ ਰਾਮਦੇਵ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। 15 ਦਿਨਾਂ ਦੇ ਅੰਦਰ ਮਾਫ਼ੀ ਨਾ ਮੰਗਣ ਤੇ ਬਿਆਨ ਨੂੰ ਇੰਟਰਨੈੱਟ ਮੀਡੀਆ ਤੋਂ ਨਾ ਹਟਾਉਣ ‘ਤੇ ਬਾਬਾ ਖ਼ਿਲਾਫ਼ ਇਕ ਹਜ਼ਾਰ ਕਰੋੜ ਦੀ ਮਾਣਹਾਨੀ ਦਾ ਦਾਅਵਾ ਠੋਕਣ ਦੀ ਚਿਤਾਵਨੀ ਦਿੱਤੀ ਗਈ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਉੱਤਰਾਖੰਡ ਦੇ ਸੂਬਾਈ ਸਕੱਤਰ ਡਾ. ਅਜੈ ਖੰਨਾ ਵੱਲੋਂ ਮੰਗਲਵਾਰ ਨੂੰ ਬਾਬਾ ਰਾਮਦੇਵ ਨੂੰ ਛੇ ਸਿਫ਼ਆਂ ਦਾ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ‘ਚ ਉਨ੍ਹਾਂ ਕਿਹਾ ਕਿ ਵੱਖ ਵੱਖ ਇੰਟਰਨੈੱਟ ਮੀਡੀਆ ਪਲੇਟਫਾਰਮਾਂ ‘ਤੇ ਬਾਬਾ ਦੇ ਬਿਆਨ ਨਾਲ ਆਈਐੱਮਏ ਉੱਤਰਾਖੰਡ ਨਾਲ ਜੁੜੇ ਦੋ ਹਜ਼ਾਰ ਮੈਂਬਰਾਂ ਦੀ ਮਾਣਹਾਨੀ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਮੈਂਬਰ ਦੀ 50 ਲੱਖ ਦੀ ਮਾਣਹਾਨੀ ਦੇ ਮੁਤਾਬਕ, ਕੁੱਲ ਇਕ ਹਜ਼ਾਰ ਕਰੋੜ ਦੀ ਮਾਣਹਾਨੀ ਦਾ ਦਾਅਵਾ ਕੀਤਾ ਜਾਵੇਗਾ।

ਨੋਟਿਸ ‘ਚ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਨੇ ਇੰਟਰਨੈੱਟ ਮੀਡੀਆ ‘ਤੇ ਵਾਇਰਲ ਵੀਡੀਓ ਦੇ ਜ਼ਰੀਏ ਐਲੋਪੈਥੀ ਡਾਕਟਰਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ‘ਚ ਉਨ੍ਹਾਂ ਦੇ ਖ਼ਿਲਾਫ਼ ਮਾਣਹਾਨੀ ਦੇ ਦਾਅਵੇ ਦੇ ਨਾਲ ਨਾਲ ਐੱਫਆਈਆਰ ਵੀ ਕਰਵਾਈ ਜਾਵੇਗੀ। ਨੋਟਿਸ ਮਿਲਣ ਦੇ 76 ਘੰਟੇ ਦੇ ਅੰਦਰ ਕੋਰੋਨਿਲ ਕਿੱਟ ਦੇ ਗੁਮਰਾਹਕੁੰਨ ਇਸ਼ਤਿਹਾਰ ਨੂੰ ਵੀ ਸਾਰੇ ਪਲੇਟਫਾਰਮਾਂ ਤੋਂ ਹਟਾਉਣ ਲਈ ਕਿਹਾ ਗਿਆ ਹੈ।

Share this Article
Leave a comment