ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਰਾਹੀਂ ਨਾਮਨਾ ਖੱਟਣ ਵਾਲੇ ‘ਬਾਬਾ ਕਾ ਢਾਬਾ’ ਦੇ ਮਾਲਕ ਕਾਂਤਾ ਪ੍ਰਸਾਦ ਨੇ ਯੂ-ਟਿਊਬਰ ਗੌਰਵ ਵਾਸਨ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਦਰਅਸਲ ਗੌਰਵ ਵਾਸਨ ਨੇ ਹੀ ਬਜ਼ੁਰਗ ਦੇ ਢਾਬੇ ਦੀ ਇੱਕ ਵੀਡੀਓ ਵਾਇਰਲ ਕੀਤੀ ਸੀ। ਜਿਸ ਤੋਂ ਬਾਅਦ ਕਾਫ਼ੀ ਲੋਕ ਬਾਬਾ ਕਾਂਤਾ ਪ੍ਰਸਾਦ ਦੇ ਢਾਬੇ ‘ਤੇ ਉਹਨਾਂ ਦੀ ਮਦਦ ਅਤੇ ਰੋਟੀ ਖਾਣ ਲਈ ਪਹੁੰਚੇ ਸਨ।
ਇਸ ਦੌਰਾਨ ਲੋਕਾਂ ਵੱਲੋਂ ਕਾਂਤਾ ਪ੍ਰਸਾਦ ਦੀ ਆਰਥਿਕ ਮਦਦ ਵੀ ਕੀਤੀ ਸੀ। ਜਿਸ ਤਹਿਤ ਹੁਣ ਬਾਬਾ ਕਾਂਤਾ ਪ੍ਰਸਾਦ ਨੇ ਯੂ-ਟਿਊਬਰ ਗੌਰਵ ਵਾਸਨ ਖਿਲਾਫ਼ ਇਲਜ਼ਾਮ ਲਾਏ ਹਨ ਕਿ ਗੌਰਵ ਨੇ ਸਾਡੇ ਨਾਲ ਧੋਖਾ ਕੀਤਾ ਹੈ। ਗੌਰਵ ਨੇ ਲੋਕਾਂ ਨੂੰ ਸਾਡੀ ਮਦਦ ਕਰਨ ਦੇ ਨਾਮ ‘ਤੇ ਆਪਣਾ ਤੇ ਆਪਣੇ ਪਰਿਵਾਰ ਦਾ ਅਕਾਉਂਟ ਨੰਬਰ ਦਿੱਤਾ ਸੀ।
ਜਿਸ ਦੌਰਾਨ ਜਿਹੜੇ ਜਿਹੜੇ ਵੀ ਲੋਕਾਂ ਨੇ ਸਾਡੀ ਮਦਦ ਲਈ ਪੈਸੇ ਭੇਜੇ ਹਨ ਉਹ ਸਾਰੇ ਰੁਪਏ ਗੌਰਵ ਤੇ ਉਸ ਦੇ ਪਰਿਵਾਰ ਦੇ ਖਾਤੇ ‘ਚ ਪਹੁੰਚੇ ਹਨ। ਪਰ ਗੌਰਵ ਨੇ ਸਾਨੂੰ ਮਦਦ ਵਾਲੀ ਰਕਮ ਨਹੀਂ ਦਿੱਤੀ ਅਤੇ ਹਾਲੇ ਤਕ ਸਾਨੂੰ ਇਹ ਵੀ ਜਾਣਕਾਰੀ ਨਹੀਂ ਦਿੱਤੀ ਕਿ ਮਦਦ ਦੇ ਰੂਪ ‘ਚ ਕਿੰਨੇ ਰੁਪਏ ਉਸ ਕੋਲ ਪਹੁੰਚੇ ਹਨ। ਕਾਂਤਾ ਪ੍ਰਸਾਦ ਨੇ ਕਿਹਾ ਕਿ ਗੌਰਵ ਨੇ ਦਾਅਵਾ ਕੀਤਾ ਸੀ ਕਿ ਸਹਾਇਤਾ ਰਾਸ਼ੀ ਸਾਰੀ ਬੈਂਕ ‘ਚ ਜਮਾ ਕਵਰਾਈ ਜਾਵੇਗੀ, ਪਰ ਉਸ ਨੇ ਨਾ ਤਾਂ ਬੈਕ ‘ਚ ਪੈਸੇ ਜਮਾ ਕਰਵਾਏ ਤੇ ਨਾ ਹੀ ਕੋਈ ਸਾਨੂੰ ਰਸੀਦ ਦਿੱਤੀ।