ਬਾਬਾ ਭਗਤ ਸਿੰਘ ਬਿਲਗਾ – ਗ਼ਦਰ ਲਹਿਰ ਦੇ ਮੋਢੀ

TeamGlobalPunjab
4 Min Read

-ਅਵਤਾਰ ਸਿੰਘ

ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਦਾ ਜਨਮ 2 ਅਪ੍ਰੈਲ 1907 ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਤੋਂ ਤਕਰੀਬਨ ਛੇ ਮਹੀਨੇ ਪਹਿਲਾਂ ਪਿੰਡ ਬਿਲਗਾ ਜਲੰਧਰ ਵਿੱਚ ਹੋਇਆ।

ਰੋਜ਼ਗਾਰ ਦੀ ਭਾਲ ਵਿੱਚ ਦੱਖਣੀ ਅਮਰੀਕਾ ਦੇ ਅਰਜਨਟਾਈਨਾ ਦੇਸ਼ ਵਿੱਚ ਗਏ ਜਿਥੇ ਉਨ੍ਹਾਂ ਦੀ ਮੁਲਾਕਾਤ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ (ਜੋ ਦੇਸ਼ ਨਿਕਾਲਾ ਕਾਰਨ ਬਾਹਰ ਸਨ) ਨਾਲ ਹੋਈ। ਉਥੇ ਰੇਲਵੇ ਸਟੋਰ ਵਿੱਚ ਨੌਕਰੀ ਕਰਨ ਦੇ ਨਾਲ ਨਾਲ ਨੌਜਵਾਨ ਭਾਰਤ ਸਭਾ ਤੇ ਕਿਰਤੀ ਪਾਰਟੀ ਨੂੰ ਫੰਡ ਭੇਜਣ ਲੱਗੇ।

ਫਿਰ ਗਦਰ ਲਹਿਰ ਵਿੱਚ ਸਰਗਰਮੀ ਨਾਲ ਕੰਮ ਕਰਨਾ ਸ਼ੁਰੂ ਕੀਤਾ। ਰੂਸ ‘ਚ ਇਨਕਲਾਬ ਆਉਣ ਤੇ ਉਹ 60 ਦੇ ਕਰੀਬ ਗਦਰੀਆਂ ਨਾਲ ਰੂਸ ਪਹੁੰਚ ਗਏ। ਰੂਸੀ ਭਾਸ਼ਾ, ਮਾਰਕਸਵਾਦ, ਰਾਜਨੀਤੀ, ਆਰਥਿਕਤਾ ਆਦਿ ਬਾਰੇ ਪੜ੍ਹਿਆ। 1933 ਵਿੱਚ ਪੈਰਿਸ, ਬਰਲਿਨ, ਕੋਲੰਬੋ ਹੁੰਦੇ ਹੋਏ ਕੰਨਿਆ ਕੁਮਾਰੀ ਲੁੱਕ ਛਿਪ ਕੇ ਪਹੁੰਚੇ। 1939 ਆਪਣੇ ਪਿੰਡ ਲੜਕੀਆਂ ਦੀ ਪੜ੍ਹਾਈ ਲਈ ਸਕੂਲ ਖੋਲ੍ਹਿਆ।

- Advertisement -

ਬਾਬਾ ਜੀ ਦੇ ਦੋ ਲੜਕੇ ਕੁਲਬੀਰ ਸਿੰਘ ਸੰਘੇੜਾ ਤੇ ਪ੍ਰੇਮ ਸਿੰਘ ਅਤੇ ਲੜਕੀ ਕ੍ਰਾਂਤੀ ਸੀ ਜੋ ਆਜ਼ਾਦੀ ਤੋਂ ਬਾਅਦ ਬਾਬਾ ਜੀ ਦੀ ਗ੍ਰਿਫਤਾਰੀ ਦੌਰਾਨ ਉਸਦੀ ਬੁਖਾਰ ਨਾਲ ਮੌਤ ਹੋ ਗਈ।

ਸਰਕਾਰ ਦੀ ਵਿਰੋਧੀ ਸਰਗਰਮੀਆਂ ਕਾਰਨ ਪਹਿਲੀ ਗਿਰਫਤਾਰੀ ਲਾਹੌਰ ਵਿੱਚ ਦੋ ਮਹੀਨੇ, ਪਿੰਡ ਵਿੱਚ ਇੱਕ ਸਾਲ ਨਜ਼ਰਬੰਦ,1939 ਵਿੱਚ ਕੈਂਬਲਪੁਰ ਜੇਲ੍ਹ ਵਿੱਚ ਬੰਦ ਕੀਤਾ।

1947-48 ‘ਚ ਫਿਰਕੂ ਵੰਡ ਦਾ ਵਿਰੋਧ ਕਰਨ ਤੇ ਆਜ਼ਾਦ ਭਾਰਤ ਦੀ ਸਰਕਾਰ ਨੇ ਬਾਬਾ ਜੀ ਨੂੰ ਇਕ ਸਾਲ ਧਰਮਸ਼ਾਲਾ ਦੀ ਯੋਲ ਜੇਲ੍ਹ ਵਿੱਚ ਡਕ ਕੀਤਾ।ਉਨਾਂ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਗਦਰੀਆਂ ਦੇ ਸਹਿਯੋਗ ਨਾਲ ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਬਣਾਇਆ ਜਿਸ ਨੂੰ ਉਨ੍ਹਾਂ ਆਪਣਾ ਘਰ ਬਣਾ ਲਿਆ।

ਪਿੰਡ ਪਿੰਡ ਜਾ ਕੇ ਗਦਰੀਆਂ ਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਫੋਟੋਆਂ, ਹੱਥ ਲਿਖਤਾਂ, ਦਸਤਾਵੇਜ, ਚਿਠੀਆਂ ਤੇ ਕਿਤਾਬਾਂ ਇੱਕਠੀਆਂ ਕਰਕੇ ਐਨ ਆਰ ਆਈ ਤੇ ਹੋਰ ਸਾਥੀਆਂ ਦੀ ਮਦਦ ਨਾਲ ਇਸ ਹਾਲ ਵਿਚ ਅਜਾਇਬਘਰ ਤੇ ਲਾਇਬ੍ਰੇਰੀ ਤਿਆਰ ਕੀਤੀ।

ਸਤੰਬਰ 1992 ਵਿੱਚ ਜਦ ਦੇਸ਼ ਭਗਤ ਯਾਦਾਗਾਰ ਮੇਲਾ ਪਹਿਲੀ ਵਾਰ ਸ਼ੁਰੂ ਹੋਇਆ ਤਾਂ ਉਹ ਬਹੁਤ ਹੀ ਖੁਸ਼ ਹੋਏ। ਉਹ ਮੇਲਾ ਹੁਣ ਹਰ ਸਾਲ ਪਹਿਲੀ ਨਵੰਬਰ ਨੂੰ ਹੁਣ ਵੀ ਮਨਾਇਆ ਜਾਂਦਾ, ਇਹ ਇਨਕਲਾਬੀ ਲਹਿਰ ਉਸਾਰਣ ਵਿੱਚ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ। ਉਨ੍ਹਾਂ ਦਾ 22-5- 2009 ਨੂੰ ਇੰਗਲੈਂਡ ਵਿੱਚ ਦਿਹਾਂਤ ਹੋ ਗਿਆ।

- Advertisement -

ਉਨ੍ਹਾਂ 24 -7- 2001 ਨੂੰ ਵਸੀਅਤ ਕੀਤੀ, “ਮੇਰੀ ਮੌਤ ਤੋਂ ਬਾਅਦ ਸਸਕਾਰ ਕਰਨ ਉਪਰੰਤ ਮੇਰੀ ਰਾਖ ਸਤਲੁਜ ਦਰਿਆ ਵਿੱਚ ਵਹਾ ਦੇਣੀ। ਮੇਰੀ ਯਾਦ ਵਿੱਚ ਕੋਈ ਮੜੀ ਜਾਂ ਮੱਠ ਨਾ ਉਸਾਰਨਾ, ਮੇਰਾ ਸਵਰਗ ਨਰਕ ਵਿੱਚ ਕੋਈ ਵਿਸ਼ਵਾਸ ਨਹੀਂ ਤੇ ਨਾ ਹੀ ਬਿਸਤਰਾ, ਬਰਤਨ ਦੇਣਾ ਅਤੇ ਨਾ ਹੀ ਕੀਰਤਪੁਰ ਜਾਂ ਹਰਿਦੁਆਰ ਜਾ ਕੇ ਸਤ ਗਤ ਕਰਵਾਉਣੀ।ਮੇਰਾ ਤੁਹਾਡਾ ਤੁਅਲਕ ਸਤਲੁਜ ਦਰਿਆ ‘ਚ ਸੁੱਟਣ ਤੋਂ ਬਾਅਦ ਖਤਮ ਹੋ ਜਾਵੇਗਾ।”

ਉਨ੍ਹਾਂ ਦੇ ਵਿਚਾਰ 1-“ਅੱਜ ਫਿਰਕਾਪਰਸਤੀ ਤੋਂ ਵੱਡਾ ਖਤਰਾ ਹੈ, ਇਸਦੀ ਜੰਮਣਹਾਰੀ ਸਰਮਾਏਦਾਰੀ ਹੈ। ਜੇਕਰ ਇਸ ਖਿਲਾਫ ਨਾ ਲੜਿਆ ਗਿਆ ਤਾਂ ਦੇਸ਼ ਮੁੜ ਗੁਲਾਮ ਹੋ ਜਾਵੇਗਾ। 2-ਧਰਮਾਂ ਦਾ ਵਿਰੋਧ ਧਰਮਾਂ ਦੀ ਫਿਲਾਸਫੀ ਤੋਂ ਖੜ ਕੇ ਹੀ ਕੀਤਾ ਜਾ ਸਕਦਾ।

3-ਧਰਮ ਦਾ ਰਾਜਨੀਤੀ ਵਿੱਚ ਕੋਈ ਦਖਲ ਨਹੀ ਹੋਣਾ ਚਾਹੀਦਾ। 4-ਹਿੰਦ ਕਮਿਉਨਿਸਟ ਪਾਰਟੀ ਦੀ ਲੀਡਰਸ਼ਿਪ ਮੱਧ ਵਰਗੀ ਬੁਧੀਜੀਵੀਆਂ ਦੇ ਹੱਥ ‘ਚ ਰਹੀ ਹੈ। ਜੋ ਦੇਸ਼ ਦੇ ਮਜ਼ਦੂਰਾਂ, ਕਿਸਾਨਾਂ ਦੇ ਅਮਲੀ ਜੀਵਨ ਨੂੰ ਸਮਝ ਨਹੀ ਸਕੀ। ਸਮਝ ਦੇ ਇਸ ਪਾੜੇ ਨੇ ਇਸ ਨੂੰ ਲੋਕਾਂ ਦੇ ਨੇੜੇ ਆਉਣ ਹੀ ਨਹੀਂ ਦਿੱਤਾ।ਹਰ ਸਾਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਬਾਬਾ ਜੀ ਦੇ ਜਨਮ ਦਿਨ ਦੇ ਸਬੰਧ ਸਮਾਗਮ ਕੀਤੇ ਜਾਂਦੇ ਹਨ।

Share this Article
Leave a comment