ਸਿਡਨੀ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਦਹਾਕਿਆਂ ਤੱਕ ਜਿਨਸੀ ਛੇੜਛਾੜ ਤੇ ਯੋਨ ਸ਼ੋਸ਼ਣ ਦੇ ਸ਼ਿਕਾਰ ਹੋਣ ਵਾਲਿਆਂ ਤੋਂ ਸੰਸਦ ‘ਚ ਮੁਆਫੀ ਮੰਗੀ ਹੈ। ਇਸ ਦੌਰਾਨ ਜਿਨਸੀ ਸ਼ੋਸਣ ਦੀ ਪੀੜਤਾ ਬ੍ਰਿਟਨੀ ਵੀ ਮੌਜੂਦ ਸੀ।
ਦੱਸਣਯੋਗ ਹੈ ਕਿ ਸਾਲ 2019 ਵਿਚ ਸੰਸਦ ਦੀ ਇੱਕ ਸਾਬਕਾ ਕਰਮਚਾਰੀ ਬ੍ਰਿਟਨੀ ਨਾਲ ਡਿਫੈਂਸ ਮਨਿਸਟਰ ਦੇ ਦਫ਼ਤਰ ‘ਚ ਉਨ੍ਹਾਂ ਦੇ ਇੱਕ ਸਹਿਯੋਗੀ ਨੇ ਬਲਾਤਕਾਰ ਕੀਤਾ ਸੀ। ਇਸ ਮਾਮਲੇ ਦੀ ਜਾਂਚ ਲਈ ਤਿੰਨ ਕਮੇਟੀਆਂ ਬਣਾਈਆਂ ਗਈਆਂ ਸਨ ਤੇ ਹੁਣ ਇਹ ਸਾਬਤ ਹੋ ਚੁੱਕਿਆ ਹੈ ਕਿ ਬ੍ਰਿਟਨੀ ਦੇ ਦੋਸ਼ ਸਹੀ ਸਨ।
ਸੰਸਦ ਵਿਚ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਖੁਦ ਇਸ ਮਾਮਲੇ ’ਤੇ ਬਿਆਨ ਦਿੰਦਿਆਂ ਕਿਹਾ ਕਿ ਮੈਂ ਬ੍ਰਿਟਨੀ ਹਿਗਿੰਸ ਕੋਲੋਂ ਮੁਆਫ਼ੀ ਮੰਗਦਾ ਹਾਂ। ਇਸ ਥਾਂ ‘ਤੇ ਉਨ੍ਹਾਂ ਨਾਲ ਬਹੁਤ ਹੀ ਘਿਨਾਉਣਾ ਜੁਰਮ ਹੋਇਆ ਸੀ। ਮੈਂ ਇਸ ਲਈ ਹੋਰ ਸ਼ਰਮਿੰਦਾ ਹਾਂ ਕਿਉਂਕਿ ਅਜਿਹੀਆਂ ਹੀ ਕੁਝ ਹੋਰ ਘਟਨਾਵਾਂ ਵੀ ਪਹਿਲਾਂ ਵੀ ਵਾਪਰੀਆਂ ਸਨ।
ਦੱਸਣਯੋਗ ਹੈ ਕਿ ਸਾਲ 2019 ਵਿਚ ਬ੍ਰਿਟਨੀ ਹਿਗਿੰਸ ਪਾਰਲੀਮੈਂਟਰੀ ਦੀ ਇੱਕ ਪਾਰਟੀ ‘ਚ ਆਈ ਸੀ। ਜਿਸ ਦੌਰਾਨ ਉਨ੍ਹਾਂ ਨੇ ਬਾਕੀ ਲੋਕਾਂ ਦੇ ਨਾਲ ਸ਼ਰਾਬ ਪੀਤੀ, ਬ੍ਰਿਟਨੀ ਨੇ ਦੱਸਿਆ ਸੀ ਕਿ, ‘ਮੇਰੇ ਇੱਕ ਸਹਿਯੋਗੀ ਨੇ ਮੈਨੂੰ ਘਰ ਛੱਡਣ ਦੀ ਪੇਸ਼ਕਸ਼ ਦਿੱਤੀ, ਪਰ ਉਹ ਵਿਅਕਤੀ ਮੈਨੂੰ ਮੇਰੇ ਘਰ ਛੱਡਣ ਦੀ ਬਜਾਏ ਪਾਰਲੀਮੈਂਟ ਹਾਊਸ ਲੈ ਗਿਆ। ਜਿਥੇ ਉਸ ਨੇ ਡਿਫੈਂਸ ਮਨਿਸਟਰ ਦੇ ਚੈਂਬਰ ਵਿਚ ਮੇਰੇ ਨਾਲ ਰੇਪ ਕੀਤਾ।’ ਹਾਲਾਂਕਿ ਬ੍ਰਿਟਨੀ ਨੇ ਉਸ ਵਿਅਕਤੀ ਦਾ ਨਾਂ ਜਨਤਕ ਨਹੀਂ ਕੀਤਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਦੋਸ਼ੀ ਲਿਬਰਲ ਪਾਰਟੀ ਦਾ ਉਭਰਦਾ ਸਿਆਸਤਦਾਨ ਹੈ।