ਨਵੀਂ ਦਿੱਲੀ: ਭਾਰਤ ਵਿਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫੈਰਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਸੰਕਟ ਵਿਸ਼ੇਸ਼ ਤੌਰ ’ਤੇ ਲਾਕ ਡਾਊਨ ਦੌਰਾਨ ਮਨੁੱਖਤਾ ਦੀ ਕੀਤੀ ਗਈ ਸੇਵਾ ਦੀ ਭਰਵੀਂ ਸ਼ਲਾਘਾ ਕੀਤੀ ਹੈ ਤੇ ਕਿਹਾ ਹੈ ਕਿ ਸਿੱਖਾਂ ਨੇ ਆਸਟਰੇਲੀਆ ਸਮੇਤ ਦੁਨੀਆਂ ਭਰ ਵਿਚ ਹੈਰਾਨੀਜਨਕ ਸੇਵਾ ਕੀਤੀ ਹੈ।
ਇੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਪੁੱਜੇ ਆਸਟਰੇਲੀਆਈ ਹਾਈ ਕਮਿਸ਼ਨਰ ਤੇ ਉਹਨਾਂ ਦੀ ਟੀਮ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀਜਨਕ ਹੈ ਕਿ ਕਮੇਟੀ ਦੀ ਟੀਮ ਨੇ ਸਭ ਧਰਮਾਂ ਤੋਂ ਉਪਰ ਉਠਕੇ ਸਿਰਫ ਮਨੁੱਖਤਾ ਨੂੰ ਹੀ ਆਧਾਰ ਮੰਨ ਕੇ ਸੰਕਟ ਮਾਰੇ ਲੋਕਾਂ ਦੀ ਸੇਵਾ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਦਿ੍ਰੜਤਾ ਤੇ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਾਂ ਤੇ ਇਸਦਾ ਸਤਿਕਾਰ ਕਰਦੇ ਹਾਂ।
ਉਹਨਾਂ ਕਿਹਾ ਕਿ ਦੁਨੀਆਂ ਨੂੰ ਜਦੋਂ ਇਸ ਅਣਕਿਆਸੇ ਸੰਕਟ ਨੇ ਘੇਰਿਆ, ਉਦੋਂ ਇਹ ਸਪਸ਼ਟ ਨਹੀਂ ਸੀ ਕਿ ਦੁਨੀਆਂ ਦਾ ਕੀ ਬਣੇਗਾ ਤੇ ਲੋਕ ਭੁੱਖੇ ਮਰ ਰਹੇ ਸਨ ਪਰ ਸਿੱਖਾਂ ਨੇ ਦੁਨੀਆਂ ਭਰ ਵਿਚ ਅਜਿਹੇ ਲੋਕਾਂ ਦੀ ਸਾਰ ਲਈ ਤੇ ਅੱਜ ਦੁਨੀਆਂ ਭਰ ਦੇ ਲੋਕਾਂ ਨੂੰ ਪਤਾ ਹੈ ਕਿ ਸਿੱਖ ਕੌਮ ਮਨੁੱਖਤਾ ਵਾਸਤੇ ਕੰਮ ਕਰਨ ਵਿਚ ਸਭ ਤੋਂ ਮੋਹਰੀ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਲੋਕਾਂ ਦੀ ਸੇਵਾ ਵਾਸਤੇ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੀ ਹੈ ਤੇ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਗਈ ਸੇਵਾ ਦੀ ਜਿੰਨੀ ਵਡਿਆਈ ਕੀਤੀ ਜਾਵੇ ਥੋੜੀ ਹੈ।
ਇਸ ਮੌਕੇ ਆਸਟਰੇਲੀਆਈ ਹਾਈ ਕਮਿਸ਼ਨਰ ਤੇ ਹੋਰ ਟੀਮ ਮੈਂਬਰਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਮੈਂਬਰਾਂ ਵੱਲੋਂ ਸਨਮਾਨਤ ਕੀਤਾ ਗਿਆ।