ਸਿਡਨੀ : ਆਸਟ੍ਰੇਲੀਆ ਕ੍ਰਿਕਟ ਟੀਮ ਦੇ ਤਜਰਬੇਕਾਰ ਓਪਨਿੰਗ ਬੱਲੇਬਾਜ਼ ਉਸਮਾਨ ਖਵਾਜਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇਹ ਐਲਾਨ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਕੀਤਾ, ਜਿਸ ਦੌਰਾਨ ਉਨ੍ਹਾਂ ਦਾ ਪਰਿਵਾਰ ਵੀ ਮੌਜੂਦ ਸੀ। ਖਵਾਜਾ ਸਾਲ 2026 ਵਿੱਚ ਸੰਨਿਆਸ ਦਾ ਐਲਾਨ ਕਰਨ ਵਾਲਾ ਪਹਿਲਾ ਖਿਡਾਰੀ ਹੈ।
ਉਨ੍ਹਾਂ ਦੱਸਿਆ ਕਿ ਸਿਡਨੀ ਵਿੱਚ ਇੰਗਲੈਂਡ ਵਿਰੁੱਧ ਹੋਣ ਵਾਲਾ 5ਵਾਂ ਐਸ਼ੇਜ਼ ਮੈਚ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੈਚ ਹੋਣ ਜਾ ਰਿਹਾ ਹੈ। ਖਵਾਜਾ ਨੇ ਸ਼ੁੱਕਰਵਾਰ ਨੂੰ ਹੀ ਆਪਣੇ ਸਾਥੀਆਂ ਨੂੰ ਆਪਣੇ ਫੈਸਲੇ ਬਾਰੇ ਜਾਣਕਾਰੀ ਵੀ ਦਿੱਤੀ। ਆਪਣੀ ਸੰਨਿਆਸ ਦੀ ਘੋਸ਼ਣਾ ਕਰਦੇ ਹੋਏ ਖਵਾਜਾ ਨੇ ਆਪਣੇ ਕਰੀਅਰ ਦੌਰਾਨ ਹੋਏ ਨਸਲਵਾਦ ਬਾਰੇ ਵੀ ਗੱਲ ਕੀਤੀ।
ਗੱਲਬਾਤ ਕਰਦਿਆਂ ਉਸਮਾਨ ਖਵਾਜਾ ਨੇ ਕਿਹਾ, “ਕ੍ਰਿਕਟ ਰਾਹੀਂ, ਰੱਬ ਨੇ ਮੈਨੂੰ ਉਸ ਤੋਂ ਵੱਧ ਦਿੱਤਾ ਹੈ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ। ਉਸਨੇ ਮੈਨੂੰ ਯਾਦਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਮੈਂ ਹਮੇਸ਼ਾ ਲਈ ਸੰਭਾਲ ਕੇ ਰੱਖਾਂਗਾ, ਦੋਸਤੀਆਂ ਜੋ ਖੇਡ ਤੋਂ ਪਰੇ ਹਨ ਅਤੇ ਸਬਕ ਜਿਨ੍ਹਾਂ ਨੇ ਮੈਨੂੰ ਮੈਦਾਨ ਦੇ ਅੰਦਰ ਅਤੇ ਬਾਹਰ ਆਕਾਰ ਦਿੱਤਾ ਹੈ। ਪਰ ਕੋਈ ਵੀ ਕਰੀਅਰ ਸਿਰਫ਼ ਇੱਕ ਵਿਅਕਤੀ ਦਾ ਨਹੀਂ ਹੁੰਦਾ। ਸਪੱਸ਼ਟ ਤੌਰ ‘ਤੇ ਮੇਰੀ ਬਹੁਤ ਮਦਦ ਹੋਈ। ਇਸ ਸੀਰੀਜ਼ ਵਿੱਚ ਆਉਂਦੇ ਹੋਏ, ਮੈਨੂੰ ਲੱਗਿਆ ਕਿ ਇਹ ਮੇਰਾ ਆਖਰੀ ਮੈਚ ਹੋ ਸਕਦਾ ਹੈ। ਆਪਣੀ ਪਤਨੀ ਨਾਲ ਲੰਬੀ ਗੱਲਬਾਤ ਤੋਂ ਬਾਅਦ, ਮੈਨੂੰ ਲੱਗਾ ਕਿ ਇਹ ਹੀ ਸਹੀ ਸਮਾਂ ਹੈ।”
ਖਵਾਜਾ ਨੇ ਕਿਹਾ ਕਿ ਮੁੱਖ ਕੋਚ ਐਂਡਰਿਊ ਮੈਕਡੋਨਲਡ ਚਾਹੁੰਦੇ ਸਨ ਕਿ ਖੇਡਣਾ ਜਾਰੀ ਰੱਖਾ । 2027 ਵਿੱਚ ਭਾਰਤ ਦੇ ਦੌਰੇ ਬਾਰੇ ਵੀ ਚਰਚਾ ਹੋਈ ਸੀ, ਪਰ ਉਸਨੇ ਆਪਣੇ ਫੈਸਲੇ ‘ਤੇ ਕਾਇਮ ਰਹਿਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਐਸਸੀਜੀ ਵਰਗੇ ਮੈਦਾਨ ‘ਤੇ ਆਪਣੀਆਂ ਸ਼ਰਤਾਂ ‘ਤੇ ਸੰਨਿਆਸ ਲੈ ਸਕਦਾ ਹਾਂ।
ਉਸਮਾਨ ਖਵਾਜਾ ਨੇ 2011 ਵਿੱਚ ਆਸਟ੍ਰੇਲੀਆ ਲਈ ਆਪਣਾ ਟੈਸਟ ਡੈਬਿਊ ਕੀਤਾ ਸੀ। ਸਿਡਨੀ ਵਿੱਚ ਇੰਗਲੈਂਡ ਵਿਰੁੱਧ ਉਸਦਾ ਆਖਰੀ ਟੈਸਟ ਉਸਦੇ ਕਰੀਅਰ ਦਾ 88ਵਾਂ ਮੈਚ ਹੋਵੇਗਾ। ਖਵਾਜਾ ਆਸਟ੍ਰੇਲੀਆ ਦੀ 2023 WTC ਚੈਂਪੀਅਨ ਟੀਮ ਦਾ ਵੀ ਹਿੱਸਾ ਸੀ। ਉਸਨੇ ਮੈਦਾਨ ਤੋਂ ਬਾਹਰ ਇੱਕ ਮਜ਼ਬੂਤ ਵਿਰਾਸਤ ਛੱਡੀ ਹੈ, ਆਸਟ੍ਰੇਲੀਆ ਲਈ ਖੇਡਣ ਵਾਲਾ ਪਹਿਲਾ ਪਾਕਿਸਤਾਨੀ-ਜਨਮੇ ਕ੍ਰਿਕਟਰ ਅਤੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲਾ ਪਹਿਲਾ ਮੁਸਲਿਮ ਕ੍ਰਿਕਟਰ ਬਣ ਗਿਆ ਹੈ। ਉਸਨੇ ਆਸਟ੍ਰੇਲੀਆ ਲਈ 49 ਇੱਕ ਰੋਜ਼ਾ ਮੈਚ ਵੀ ਖੇਡੇ।

