ਮੈਲਬਰਨ: ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਲਈ ਬਣਾਏ ਜਾ ਰਹੇ ਇੱਕ ਟੀਕੇ ਦਾ ਕਲਿਨਿਕਲ ਟਰਾਇਲ ਬੰਦ ਕਰ ਦਿੱਤਾ ਗਿਆ ਹੈ। ਪ੍ਰੀਖਣ ਵਿੱਚ ਭਾਗ ਲੈਣ ਵਾਲੇ ਵਲੰਟੀਅਰਜ਼ ਵਿੱਚ HIV ਸੰਕਰਮਣ ਮਿਲ ਰਹੇ ਹਨ ਜਦਕਿ ਉਹ ਅਸਲ ‘ਚ ਇਸ ਨਾਲ ਪੀੜਤ ਨਹੀਂ ਸਨ। ਕਵੀਨਜ਼ਲੈਂਡ ਯੂਨੀਵਰਸਿਟੀ ਅਤੇ ਬਾਇਓਟੈੱਕ ਕੰਪਨੀ ਸੀਐਸਐਲ ਵੱਲੋਂ ਬਣਾਏ ਜਾ ਰਹੇ ਕੋਰੋਨਾ ਵਾਇਰਸ ਦੇ ਟੀਕੇ ਦਾ ਕੰਮ ਬੰਦ ਕਰ ਦਿੱਤਾ ਹੈ।
ਆਸਟਰੇਲੀਆ ਨੇ ਟੀਕੇ ਦੀਆਂ 5.1 ਮਿਲੀਅਨ ਖੁਰਾਕਾਂ ਖਰੀਦਣ ਲਈ ਚਾਰ ਟੀਕਾ ਨਿਰਮਾਤਾਵਾਂ ਨਾਲ ਸਮਝੌਤਾ ਕੀਤਾ ਹੈ। ਸੀ.ਐਸ.ਐਲ ਕੰਪਨੀ ਵੀ ਉਨ੍ਹਾਂ ‘ਚੋਂ ਇੱਕ ਸੀ। ਸੀ.ਐਸ.ਐਲ ਨੇ ਕਿਹਾ ਕਿ ਜੇ ਇਹ ਟੀਕਾ ਕੌਮੀ ਪੱਧਰ ‘ਤੇ ਇਸਤੇਮਾਲ ਕੀਤਾ ਗਿਆ ਤਾਂ ਆਸਟ੍ਰੇਲੀਆ ਦੇ ਲੋਕਾਂ ਦੀ ਸਿਹਤ ‘ਤੇ ਇਸ ਦਾ ਮਾੜਾ ਅਸਰ ਪਵੇਗਾ। ਇਸ ਟੀਕੇ ਦਾ ਜੁਲਾਈ ਤੋਂ ਟੈਸਟ ਕੀਤਾ ਜਾ ਰਿਹਾ ਸੀ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਇਹ ਟੈਸਟ ਰੋਕਣ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆਈ ਸਰਕਾਰ ਅਤੇ ਖੋਜਕਰਤਾ ਬਹੁਤ ਸਾਵਧਾਨੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ਅੱਜ ਜੋ ਹੋਇਆ ਉਸ ਨਾਲ ਸਰਕਾਰ ਨੂੰ ਹੈਰਾਨੀ ਨਹੀਂ ਹੋਈ । ਅਸੀਂ ਬਿਨਾਂ ਕਿਸੇ ਜਲਦਬਾਜੀ ਧਿਆਨ ਨਾਲ ਚੱਲਣਾ ਚਾਹੁੰਦੇ ਹਾਂ।