ਜਗਤਾਰ ਸਿੰਘ ਸਿੱਧੂ;
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਅੱਜ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਡਿਉੜੀ ਦੇ ਬਾਹਰ ਇਕ ਵਿਅਕਤੀ ਵੱਲੋਂ ਗੋਲੀ ਚਲਾਕੇ ਕੀਤੇ ਹਮਲੇ ਨੇ ਤਰਥੱਲੀ ਮਚਾ ਦਿੱਤੀ ਹੈ ।ਧਾਰਮਿਕ ਅਤੇ ਰਾਜਸੀ ਖੇਤਰ ਵਿੱਚ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਸੁਖਬੀਰ ਸਿੰਘ ਬਾਦਲ ਸਿੰਘ ਸਾਹਿਬਾਨ ਵਲੋ ਦੋ ਦਸੰਬਰ ਨੂੰ ਸੁਣਾਈ ਸਜਾ ਮੁਤਾਬਿਕ ਸੇਵਾਦਾਰ ਵਜੋਂ ਡਿਊਟੀ ਨਿਭਾ ਰਹੇ ਸਨ। ਡਿਉੜੀ ਦੇ ਗੇਟ ਦੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੱਥ ਵਿੱਚ ਬਰਛਾ ਲੈ ਕੇ ਸੇਵਾਦਾਰ ਵਾਲੀ ਵਰਦੀ ਪਾ ਕੇ ਵੀਲ ਚੇਅਰ ਉੱਪਰ ਬੈਠੇ ਡਿਊਟੀ ਦੇ ਰਹੇ ਸਨ ਅਤੇ ਕੁਝ ਦੂਰੀ ਤੇ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਡਿਊਟੀ ਦੇ ਰਹੇ ਸਨ। ਅਚਾਨਕ ਹੀ ਇਕ ਵਿਅਕਤੀ ਸੁਖਬੀਰ ਸਿੰਘ ਬਾਦਲ ਦੇ ਐਨਾ ਨੇੜੇ ਚਲਾ ਗਿਆ ਕਿ ਉਸ ਨੇ ਪਿਸਤੌਲ ਨਾਲ ਸੁਖਬੀਰ ਬਾਦਲ ਤੇ ਗੋਲੀ ਚਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਖਬੀਰ ਦੀ ਸੁਰੱਖਿਆ ਲਈ ਸਾਦੇ ਕੱਪੜਿਆਂ ਵਿੱਚ ਤਾਇਨਾਤ ਪੁਲਿਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਉਸ ਨੂੰ ਪੂਰੀ ਫੁਰਤੀ ਨਾਲ ਕਾਬੂ ਕਰ ਲਿਆ। ਇਸ ਤਰ੍ਹਾਂ ਕਿਸੇ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰਨ ਤੋਂ ਬਚਾ ਰਹਿ ਗਿਆ। ਇਸ ਨਾਲ ਜਿੱਥੇ ਸੁਖਬੀਰ ਸਿੰਘ ਬਾਦਲ ਦਾ ਪੂਰੀ ਤਰ੍ਹਾਂ ਬਚਾਅ ਰਹਿ ਗਿਆ ਉਥੇ ਦਰਬਾਰ ਸਾਹਿਬ ਅੰਦਰ ਵੀ ਸਥਿਤੀ ਵੀ ਸਾਂਭੀ ਗਈ। ਇਸ ਮਾਮਲੇ ਨੂੰ ਲੈ ਕੇ ਰਾਜਸੀ ਅਤੇ ਧਾਰਮਿਕ ਆਗੂਆਂ ਵਲੋਂ ਉਠਾਏ ਜਾ ਰਹੇ ਸਵਾਲਾਂ ਕਾਰਨ ਵੱਡੀ ਹਲਚਲ ਮੱਚ ਗਈ ਹੈ।
ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਉੱਤੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਮੰਦਭਾਗੀ ਘਟਨਾ ਦੀ ਤੈਅ ਤੱਕ ਜਾਣਾ ਚਾਹੀਦਾ ਹੈ ਤਾਂ ਜੋ ਸੱਚ ਸਾਹਮਣੇ ਆਏ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਇਹ ਅਕਾਲ ਤਖਤ ਸਾਹਿਬ ਦੇ ਸੰਕਲਪ ਨੂੰ ਢਾਅ ਲਾਉਣ ਦੀ ਕੋਸ਼ਿਸ਼ ਹੈ ਕਿਉਂ ਜੋ ਕਈ ਧਿਰਾਂ ਨੂੰ ਸਿੱਖਾਂ ਦਾ ਇਹ ਵਰਤਾਰਾ ਪ੍ਰਵਾਨ ਨਹੀਂ ਹੈ। ਬੇਸ਼ਕ ਗਿਆਨੀ ਹਰਪ੍ਰੀਤ ਸਿੰਘ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਉਨਾਂ ਆਖਿਆ ਕਿ ਅਸੀਂ ਦੋ ਦਸੰਬਰ ਨੂੰ ਆਖ ਦਿੱਤਾ ਸੀ ਕਿ ਸਿੰਘ ਸਾਹਿਬਾਨ ਫੈਸਲਾ ਲੈਣ ਲਈ ਕਿਸੇ ਦਾ ਦਬਾਅ ਨਹੀਂ ਪ੍ਰਵਾਨ ਕਰਨਗੇ।
ਰਾਜਸੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਬਹੁਤ ਸਾਰੇ ਆਗੂ ਸੁਖਬੀਰ ਸਿੰਘ ਬਾਦਲ ਤੇ ਹਮਲੇ ਦੀ ਨਿੰਦਾ ਕਰਦੇ ਹੋਏ ਆਖ ਰਹੇ ਹਨ ਕਿ ਮਾਨ ਸਰਕਾਰ ਬੁਰੀ ਤਰ੍ਹਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਅਕਾਲੀ ਦਲ ਦੇ ਆਗੂਆਂ ਦਾ ਗੁਸ਼ਾ ਸੁਭਾਵਿਕ ਹੈ ਕਿਉਂਕਿ ਉਨਾ ਦੇ ਪ੍ਰਧਾਨ ਤੇ ਜਾਨ ਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਕਾਂਗਰਸ ਦੇ ਆਗੂ ਨਿੰਦਾ ਕਰਦੇ ਹੋਏ ਪੰਜਾਬ ਅਤੇ ਕੇਂਦਰ ਦੀਆਂ ਏਜੰਸੀਆਂ ਦੀ ਅਸਫਲਤਾ ਆਖ ਰਹੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਉੱਤੇ ਹਮਲੇ ਨੂੰ ਬਹੁਤ ਮੰਦਭਾਗੀ ਘਟਨਾ ਕਿਹਾ ਹੈ ਅਤੇ ਦੋਸ਼ੀ ਕਾਬੂ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਥਾਪੜਾ ਦਿੱਤਾ ਹੈ।
ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਵਾਲਾ ਦੋਸ਼ੀ ਤਾਂ ਮੌਕੇ ਉੱਪਰ ਕਾਬੂ ਕਰ ਲਿਆ ਹੈ ਅਤੇ ਜਾਂਚ ਨਾਲ ਹੋਰ ਤੱਥ ਵੀ ਸਾਹਮਣੇ ਆਉਣਗੇ ਪਰ ਪੰਜਾਬ ਅਤੇ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੀ ਨਾਜ਼ੁਕ ਸਥਿਤੀ ਉੱਪਰ ਕਿਸੇ ਧਿਰ ਨੂੰ ਰਾਜਸੀ ਰੋਟੀਆਂ ਸੇਕਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਪੰਜਾਬ ਨੂੰ ਬਹੁਪੱਖੀ ਸੰਕਟ ਵਿੱਚੋਂ ਕੱਢਣ ਲਈ ਠੋਸ ਉਪਰਾਲੇ ਕੀਤੇ ਜਾਣ ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਵੱਡਾ ਸੰਕਟ ਭੁਗਤ ਚੁੱਕਾ ਹੈ।
ਸੰਪਰਕ 9814002186