ਅੰਮ੍ਰਿਤਸਰ: ਅੰਮ੍ਰਿਤਸਰ ਦੇ ਠਾਕੁਰ ਦੁਆਰ ਮੰਦਰ ਦੇ ਬਾਹਰ ਸ਼ੁੱਕਰਵਾਰ ਦੇਰ ਰਾਤ ਬਾਈਕ ਸਵਾਰ ਨੌਜਵਾਨਾਂ ਵੱਲੋਂ ਕੀਤੇ ਗਏ ਧਮਾਕੇ ਦੇ ਮਾਮਲੇ ਵਿੱਚ ਪਾਕਿਸਤਾਨੀ ਸਬੰਧ ਸਾਹਮਣੇ ਆ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਬਾਰੇ ਸੰਕੇਤ ਦਿੱਤੇ ਹਨ।
ਪੰਜਾਬ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅਜਿਹੇ ਹਮਲਿਆਂ ਦੇ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ (ISI) ਦੀ ਸਾਜ਼ਿਸ਼ ਹੋ ਸਕਦੀ ਹੈ। ਸੀਸੀਟੀਵੀ ਫੁਟੇਜ ਵਿੱਚ ਦੋ ਬਾਈਕ ਸਵਾਰ ਨਜ਼ਰ ਆ ਰਹੇ ਹਨ, ਜਿਨ੍ਹਾਂ ਦੀ ਪਛਾਣ ਜਾਰੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਹਰ ਰੋਜ਼ ਪਾਕਿਸਤਾਨੀ ਏਜੰਸੀਆਂ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਅਜਿਹੇ ਗੈਰ-ਕਾਨੂੰਨੀ ਕੰਮਾਂ ਲਈ ਭੜਕਾਉਂਦੀਆਂ ਰਹੀਆਂ ਹਨ। ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਈਐਸਆਈ ਕਮਜ਼ੋਰ ਵਰਗ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ।
ਲੋਕਾਂ ਲਈ ਅਪੀਲ
ਪੰਜਾਬ ਪੁਲਿਸ ਨੇ ਲੋਕਾਂ ਨੂੰ ਸਚੇਤ ਕੀਤਾ ਹੈ ਕਿ ਉਹ ਕਿਸੇ ਦੇ ਭੜਕਾਵੇ ਜਾਂ ਪੈਸੇ ਦੇ ਲਾਲਚ ਵਿੱਚ ਆ ਕੇ ਅਜਿਹੇ ਕਦਮ ਨਾ ਚੁੱਕਣ। ਇਹ ਕਾਰਵਾਈ ਨਾ ਸਿਰਫ਼ ਕਾਨੂੰਨੀ ਨਤੀਜਿਆਂ ਨਾਲ ਜੁੜੀ ਹੋਈ ਹੈ, ਬਲਕਿ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਵੀ ਪ੍ਰਭਾਵਤ ਹੋ ਸਕਦੀ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਮਲਾਵਰ ਕੌਣ ਸਨ ਅਤੇ ਉਨ੍ਹਾਂ ਦੇ ਪਿੱਛੇ ਕੀ ਉਦੇਸ਼ ਸੀ।
ਮੁੱਖ ਮੰਤਰੀ ਦਾ ਬਿਆਨ
ਅੰਮ੍ਰਿਤਸਰ ਮੰਦਰ ਨੇੜੇ ਹੋਏ ਧਮਾਕਿਆਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਅਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਹਮੇਸ਼ਾ ਹੋਦੀਆਂ ਰਹੀਆਂ ਹਨ, ਪਰ ਪੁਲਿਸ ਅਜਿਹੇ ਅਪਰਾਧਕ ਤੱਤਾਂ ਵਿਰੁੱਧ ਤੁਰੰਤ ਕਾਰਵਾਈ ਕਰਦੀ ਹੈ। ਉਨ੍ਹਾਂ ਆਸ਼ਵਾਸਨ ਦਿੱਤਾ ਕਿ ਪੰਜਾਬ ਵਿੱਚ ਸ਼ਾਂਤੀ, ਭਾਈਚਾਰਾ ਅਤੇ ਸਦਭਾਵਨਾ ਕਾਇਮ ਰੱਖੀ ਜਾਵੇਗੀ।
ਠਾਕੁਰ ਦੁਆਰ ਮੰਦਰ ਦੇ ਗੇਟ ‘ਤੇ ਧਮਾਕਾ
ਅੰਮ੍ਰਿਤਸਰ ਧਮਾਕੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਗੰਭੀਰ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ। ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਇਹ ਵੱਡਾ ਧਮਾਕਾ ਅੰਮ੍ਰਿਤਸਰ ਦੇ ਸ਼ੇਰ ਸ਼ਾਹ ਸੂਰੀ ਰੋਡ ‘ਤੇ ਸਥਿਤ ਠਾਕੁਰ ਦੁਆਰ ਮੰਦਰ ਦੇ ਨੇੜ੍ਹੇ ਹੋਇਆ। ਵੀਡੀਓ ਵਿੱਚ ਦੋ ਬਾਈਕ ਸਵਾਰਾਂ ਨੂੰ ਕੁਝ ਵਿਸਫੋਟਕ ਪਦਾਰਥ ਸੁੱਟਦੇ ਹੋਏ ਦੇਖਿਆ ਗਿਆ। ਇਹ ਫੁਟੇਜ ਸਾਹਮਣੇ ਆਉਣ ਤੋਂ ਬਾਅਦ, ਪੁਲਿਸ ਨੇ ਜਾਂਚ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ।