ਸ੍ਰੀ ਮੁਕਤਸਰ ਸਾਹਿਬ : ਅੱਜ ਮਾਘੀ ਮੌਕੇ ਵੱਡੀ ਗਿਣਤੀ ਵਿਚ ਸੰਗਤ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਵੀ ਪੱਵਿਤਰ ਸਰੋਵਰ ਵਿਚ ਸੰਗਤ ਵੱਡੀ ਗਿਣਤੀ ਵਿਚ ਇਸ਼ਨਾਨ ਕਰ ਰਹੀ ਹੈ।
ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਖਿਦਰਾਣੇ ਦੀ ਢਾਬ ਦੀ ਅਖੀਰਲੀ ਜੰਗ ਆਪਣੇ ਆਪ ’ਚ ਸਿੱਖ ਇਤਿਹਾਸ ਦੀ ਇਕ ਅਦੁੱਤੀ ਮਿਸਾਲ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬੇਦਾਵਾ ਲਿਖ ਕੇ ਦੇ ਆਏ 40 ਸਿੰਘਾਂ ਦੀ ਗੁਰੂ ਜੀ ਨੇ ਖਿਦਰਾਣੇ ਦੀ ਢਾਬ ’ਤੇ ਬੇਦਾਵਾ ਪਾੜ੍ਹ ਕੇ ਟੁੱਟੀ ਗੰਢ ਲਈ ਸੀ। ਮੁਗਲਾਂ ਨਾਲ ਲੋਹਾ ਲੈਂਦਿਆਂ ਲੜੀ ਇਸ ਜੰਗ ’ਚ ਭਾਈ ਮਹਾਂ ਸਿੰਘ ਤੇ ਮਾਤਾ ਭਾਗ ਕੌਰ ਦੀ ਅਗਵਾਈ ’ਚ ਸ਼ਹੀਦੀਆਂ ਪਾ ਗਏ ਸਿੰਘਾਂ ਨੂੰ ਗੁਰੂ ਜੀ ਨੇ ਇਹ ਮੇਰਾ ਦਸ ਹਜ਼ਾਰੀ, ਵੀਹ ਹਜ਼ਾਰੀ ਤੇ ਪੰਜਾਹ ਹਜ਼ਾਰੀ ਆਦਿ ਦਾ ਖਿਤਾਬ ਦਿੰਦਿਆਂ ‘ਖਿਦਰਾਣੇ ਦੀ ਢਾਬ’ ਦਾ ਨਾਮ ਮੁਕਤਸਰ ਰੱਖਿਆ। ਇਨ੍ਹਾਂ ਹੀ 40 ਮੁਕਤਿਆਂ ਦੀ ਯਾਦ ’ਚ ਸ੍ਰੀ ਦਰਬਾਰ ਸਾਹਿਬ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਜੋੜ ਮੇਲਾ ਮਾਘੀ ਮਨਾਇਆ ਜਾਂਦਾ।
ਸ੍ਰੀ ਮੁਕਤਸਰ ਸਾਹਿਬ ਵਿੱਚ ਇਤਿਹਾਸਕ ਮਾਘੀ ਮੇਲੇ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਟਰੈਫਿਕ ਰੂਟ ਪਲਾਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫ਼ਿਰੋਜ਼ਪੁਰ ਰੋਡ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਰੋਡ ਦੇ ਨਜ਼ਦੀਕ ਤੋਂ ਆਉਣ ਵਾਲੇ ਭਾਰੀ ਵਾਹਨਾਂ ਦੇ ਸ਼ਹਿਰ ਅੰਦਰ ਦਾਖ਼ਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।