ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਇੱਕ ਵਾਰ ਮੁੜ ਤੋਂ ਬੰਬ ਧਮਾਕਿਆਂ ਨਾਲ ਕੰਬ ਗਈ । ਕਾਬੁਲ ਵਿਚ ਮੰਗਲਵਾਰ ਨੂੰ ਇਕ ਤੋਂ ਬਾਅਦ ਇਕ ਦੋ ਜ਼ਬਰਦਸਤ ਧਮਾਕੇ ਹੋਏ। ਇਹਨਾਂ ਧਮਾਕਿਆਂ ਵਿਚੋਂ ਇਕ ਫੌ਼ਜੀ ਹਸਪਤਾਲ ਨੇੜੇ ਹੋਇਆ, ਜਿਸ ਵਿਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 43 ਜ਼ਖਮੀ ਹੋ ਗਏ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਕਾਰੀ ਸਈਦ ਖੋਸਤੀ ਨੇ ਕਾਬੁਲ ਵਿੱਚ ਹੋਏ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਵਿੱਚ ਜਾਨੀ ਨੁਕਸਾਨ ਹੋਇਆ ਹੈ। ਹਾਲਾਂਕਿ, ਹੋਰ ਵੇਰਵੇ ਨਹੀਂ ਦਿੱਤੇ ਗਏ।
ਸੋਸ਼ਲ ਮੀਡੀਆ ਪੋਸਟਾਂ ਅਤੇ ਮੀਡੀਆ ਰਿਪੋਰਟਾਂ ਨੇ ਇਨ੍ਹਾਂ ਨੂੰ ‘ਫਿਦਾਇਨ ਹਮਲੇ’ ਕਿਹਾ, ਜੋ ਸਰਦਾਰ ਮੁਹੰਮਦ ਦਾਊਦ ਖਾਨ ਹਸਪਤਾਲ ਅਤੇ ਵਜ਼ੀਰ ਅਕਬਰ ਖਾਨ ਹਸਪਤਾਲ ਦੇ ਸਾਹਮਣੇ ਹੋਏ। ਮੌਕੇ ‘ਤੇ ਮੌਜੂਦ ਸੂਤਰਾਂ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਤੋਂ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਦੀਆਂ ਆਵਾਜ਼ਾਂ ਵੀ ਸੁਣੀਆਂ ਜਾ ਸਕਦੀਆਂ ਹਨ।
ਇੱਕ ਚਸ਼ਮਦੀਦ ਨੇ ਰੂਸ ਦੀ ਖ਼ਬਰ ਏਜੰਸੀ ਸਪੁਤਨਿਕ ਨੂੰ ਦੱਸਿਆ,”ਜਨ ਸਿਹਤ ਮੰਤਰਾਲੇ ਦੇ ਕੋਲ 400 ਬਿਸਤਰਿਆਂ ਵਾਲੇ ਹਸਪਤਾਲ ਵਿੱਚ ਇੱਕ ਆਤਮਘਾਤੀ ਬੰਬ ਹਮਲਾ ਹੋਇਆ।” ਵਸਨੀਕਾਂ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਮੱਧ ਕਾਬੁਲ ਵਿੱਚ ਵਜ਼ੀਰ ਅਕਬਰ ਖਾਨ ਖੇਤਰ ਵਿੱਚ ਸਾਬਕਾ ਡਿਪਲੋਮੈਟਿਕ ਜ਼ੋਨ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਧੂੰਏਂ ਦਾ ਗੁਬਾਰ ਦਿਖਾਈ ਦਿੱਤਾ।
ਇਸਲਾਮਿਕ ਅਮੀਰਾਤ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਕਿਹਾ ਕਿ ਪਹਿਲਾ ਧਮਾਕਾ ਸਰਦਾਰ ਮੁਹੰਮਦ ਦਾਊਦ ਖਾਨ ਹਸਪਤਾਲ ਨੇੜੇ ਹੋਇਆ। ਕਰੀਮੀ ਮੁਤਾਬਕ ਦੂਜਾ ਧਮਾਕਾ ਵੀ ਹਸਪਤਾਲ ਦੇ ਨੇੜੇ ਹੀ ਇਕ ਇਲਾਕੇ ਵਿਚ ਹੋਇਆ।
Bilal Karimi, deputy spokesperson of the Islamic Emirate, said two explosions occurred in Kabul city's district 10.#TOLOnews pic.twitter.com/ZXlPUWbLF1
— TOLOnews (@TOLOnews) November 2, 2021
ਟੋਲੋ ਨਿਊਜ਼ ਨੇ ਦੱਸਿਆ ਕਿ ਧਮਾਕੇ ਵਾਲੇ ਖੇਤਰ ਤੋਂ ਗੋਲੀਬਾਰੀ ਦੀ ਆਵਾਜ਼ ਵੀ ਸੁਣੀ ਗਈ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਸਈਦ ਖੋਸਤੀ ਨੇ ਦੱਸਿਆ ਕਿ ਇਕ ਧਮਾਕਾ ਹਸਪਤਾਲ ਦੇ ਪ੍ਰਵੇਸ਼ ਦੁਆਰ ‘ਤੇ ਹੋਇਆ।ਖੋਸਤੀ ਮੁਤਾਬਕ, ਧਮਾਕਿਆਂ ਵਿੱਚ ਜਾਨੀ ਨੁਕਸਾਨ ਹੋਇਆ ਹੈ ਪਰ ਅਜੇ ਤੱਕ ਸਹੀ ਵੇਰਵਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ।ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਹਨ।
ਟੋਲੋ ਨਿਊਜ਼ ਦੀ ਰਿਪੋਰਟ ਮੁਤਾਬਕ ਐਂਬੂਲੈਂਸ ਜ਼ਖਮੀ ਲੋਕਾਂ ਨੂੰ ਇਲਾਕੇ ਤੋਂ ਹਸਪਤਾਲਾਂ ਵਿੱਚ ਲਿਜਾ ਰਹੀਆਂ ਹਨ।