ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੀ ਸੁਰੱਖਿਆ ਵਿੱਚ ਸ਼ਾਮਿਲ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਵਿੱਚ ਤਾਇਨਾਤ ਇੱਕ ਸਹਾਇਕ ਸਬ-ਇੰਸਪੈਕਟਰ (ASI) ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਮਾਂਡੋ ਟ੍ਰੇਨਿੰਗ ਕੰਪਲੈਕਸ ਬਹਾਦਰਗੜ੍ਹ ਵਿੱਚ ਤਾਇਨਾਤ ਸੀ। ਜਿੱਥੇ ਕੁਆਰਟਰ ਵਿੱਚ ਸਰਕਾਰੀ ਰਿਵਾਲਵਰ ਨਾਲ ਗੋਲੀ ਲੱਗਣ ਨਾਲ ਏਐਸਆਈ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 41 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਅਬੋਹਰ ਨੇੜੇ ਪਿੰਡ ਕੁੰਡਲ ਦਾ ਰਹਿਣ ਵਾਲਾ ਹੈ।
ਹਾਸਿਲ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਰੱਖਿਆ ਵਿੱਚ ਸ਼ਾਮਿਲ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਡੈਪੂਟੇਸ਼ਨ ਵਿੱਚ ਤਾਇਨਾਤ ਸੀ। ਮਨਪ੍ਰੀਤ ਸਿੰਘ ਦਾ ਬੈਲਟ ਨੰਬਰ 3439 ਸੀ ਜੋ ਕਿ ਪਹਿਲੀ ਕਮਾਂਡੋ ਬਟਾਲੀਅਨ PAP ਦਾ ਸੀ। ਮਨਪ੍ਰੀਤ ਸਿੰਘ ਆਪਣੇ ਕੁਆਰਟਰ ਵਿੱਚ ਰਹਿੰਦਾ ਸੀ। ਜਿੱਥੇ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸਦੀ ਅਚਾਨਕ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਨੇ ਛੁੱਟੀ ਲੈ ਕੇ ਘਰ ਜਾਣ ਦੀ ਗੱਲ ਕੀਤੀ ਸੀ। ਇਸ ਦੌਰਾਨ ਜਦੋਂ ਉਹ ਆਪਣੇ ਕੁਆਰਟਰ ਪਹੁੰਚਿਆ ਤਾਂ ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ। ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਗੋਲੀ ਕਿਸੇ ਹੋਰ ਕਾਰਨ ਕਰਕੇ ਚਲਾਈ ਗਈ ਹੈ। ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।