ਬਟਾਲਾ: ਕੋਰੋਨਾ ਮਹਾਂਮਾਰੀ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਲੋਕਾਂ ਦੀਆਂ ਪਰੇਸ਼ਾਨੀਆਂ ਸੁਣਨੀਆਂ ਮਹਿੰਗੀਆਂ ਪੈ ਗਈਆਂ ਹਨ। ਤ੍ਰਿਪਤ ਰਾਜਿੰਦਰ ਬਾਜਵਾ ਖਿਲਾਫ ਸਾਬਕਾ ਮੰਤਰੀ ਅਤੇ ਐਮਐਲਏ ਅਸ਼ਵਨੀ ਸੇਖੜੀ ਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਹੈ।
ਅਸ਼ਵਨੀ ਸੇਖੜੀ ਨੇ ਸ਼ਿਕਾਇਤ ਵਿੱਚ ਐਸਐਸਪੀ ਬਟਾਲਾ ਨੂੰ ਲਿਖਿਆ ਕਿ ਤ੍ਰਿਪਤ ਰਾਜਿੰਦਰ ਬਾਜਵਾ ਨੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੀ ਹੈ। ਜਿਸ ਤਹਿਤ ਇਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਬਟਾਲਾ ਸ਼ਹਿਰ ਵਿੱਚ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਅਤੇ ਕਾਨੂੰਨ ਤੋੜਦੇ ਹੋਏ ਚੱਕਰੀ ਬਾਜ਼ਾਰ, ਮੁਰਗੀ ਮੁਹੱਲਾ ਅਤੇ ਹੋਰ ਇਲਾਕਿਆਂ ਵਿੱਚ ਵਾਰ-ਵਾਰ ਕਾਨੂੰਨ ਤੋੜਿਆ। ਕਾਨੂੰਨ ਦੀ ਇਹੋ ਜਿਹੀ ਉਲੰਘਣਾ ਕਰਨ ‘ਤੇ ਪੰਜਾਬ ਦੇ ਵੱਡੇ-ਵੱਡੇ ਲੀਡਰਾਂ ਖਿਲਾਫ ਕਾਨੂੰਨ ਤਹਿਤ ਐੱਫਆਈਆਰ ਹੋਈਆਂ ਹਨ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਇਸ ਮੰਤਰੀ ਅਤੇ ਹੋਰ ਲੋਕਾਂ ਜਿਨ੍ਹਾਂ ਨੇ ਕਾਨੂੰਨ ਤੋੜਿਆ ਹੈ, ਉਨ੍ਹਾਂ ਦੇ ਖਿਲਾਫ ਬਟਾਲਾ ਨੂੰ ਕੋਰੋਨਾ ਮਹਾਂਮਾਰੀ ਦੇ ਖ਼ਤਰੇ ‘ਚ ਪਾਉਣ ਲਈ ਕਾਨੂੰਨ ਦੇ ਤਹਿਤ ਐਫਆਈਆਰ ਕੀਤੀ ਜਾਵੇ। ਅਗਰ ਮੰਤਰੀ ਹੀ ਮੁੱਖ ਮੰਤਰੀ ਦੇ ਆਦੇਸ਼ ਨਹੀਂ ਮੰਨਣਗੇ ਤਾਂ ਕੌਣ ਮੰਨੇਗਾ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਖਜੂਰੀ ਗੇਟ ‘ਚ ਇੱਕ ਸੜਕ ਦਾ ਉਦਘਾਟਨ ਕੀਤਾ ਸੀ। ਜਿਸ ਦੌਰਾਨ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਸਮਰਥਕ ਪਹੁੰਚੇ ਹੋਏ ਸਨ। ਉਦਘਾਟਨ ਕਰਨ ਤੋਂ ਬਾਅਦ ਉਨ੍ਹਾਂ ਨੇ ਬਟਾਲਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਸਨ।