ਸਚਮੁੱਚ ਹੀ ਮਸਤਾਨਾ ਲੋਕ ਗਾਇਕ ਸੀ : ਆਸਾ ਸਿੰਘ ਮਸਤਾਨਾ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਸੁਰੀਲੀ,ਮਿੱਠੀ ਤੇ ਰੂੰਵਾਂਗ ਪੋਲੀ ਜਿਹੀ ਆਵਾਜ਼ ਦਾ ਮਾਲਕ ਆਸਾ ਸਿੰਘ ਮਸਤਾਨਾ ਜਦੋਂ ਕੰਨ ‘ਤੇ ਹੱਥ ਧਰ ਕੇ ਲੰਮੀ ਹੇਕ ਨਾਲ ਕੋਈ ਗੀਤ ਛੇੜਦਾ ਸੀ ਤਾਂ ਪੰਛੀ ਠਹਿਰ ਜਾਂਦੇ ਸਨ ਤੇ ਸਮੇਂ ਦੇ ਪੈਰਾਂ ‘ਚ ਪਹਾੜ ਬੱਝ ਜਾਂਦਾ ਸੀ । ਵਜਦ ਵਿੱਚ ਆਏ ਸਰੋਤੇ ਉਸਦੇ ਸੁਰੀਲੇ ਸੁਰਾਂ ਦੀ ਉਂਗਲ ਫੜ੍ਹ ਕੇ ਸਰੂਰ ਦੇ ਸਾਗਰ ‘ਚ ਉਤਰ ਜਾਂਦੇ ਸਨ ਤੇ ਇੱਕ ਤੋਂ ਬਾਅਦ ਇੱਕ ਗੀਤ ਦੀ ਫ਼ਰਮਾਇਸ਼ ਕਰਿਆ ਕਰਦੇ ਸਨ। ਜਿੱਥੇ ਉਸਦੀ ਮਖ਼ਮਲੀ ਆਵਾਜ਼ ਵਿੱਚ ਗਾਇਆ ਹੋਇਆ ਮਜ਼ਾਹੀਆ ਗੀਤ ” ਇਹ ਮੁੰਡਾ ਨਿਰਾ ਸ਼ਨਿੱਚਰ ਏ ” ਸੁਣਨ ਵਾਲੇ ਨੂੰ ਗੁਦਗੁਦਾ ਜਾਂਦਾ ਸੀ ਉੱਥੇ ਹੀ ” ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ” ਜਿਹਾ ਸੰਜੀਦਾ ਗੀਤ ਲੱਖਾਂ ਦਿਲਾਂ ਨੂੰ ਸੋਗਮਈ ਕਰ ਜਾਣ ਦੇ ਵੀ ਸਮਰੱਥ ਸੀ। ਉਹ ਇੱਕ ਮੁਕੰਮਲ ਗਾਇਕ ਸੀ।

ਸ਼ੇਖ਼ੂਪੁਰਾ,ਪਾਕਿਸਤਾਨ ਵਿਖੇ 22 ਅਗਸਤ,ਸੰਨ 1927 ਨੂੰ ਪਿਤਾ ਸਰਦਾਰ ਪ੍ਰੀਤਮ ਸਿੰਘ ਅਤੇ ਮਾਤਾ ਅਮ੍ਰਿਤ ਕੌਰ ਦੇ ਗ੍ਰਹਿ ਵਿਖੇ ਆਪਣੇ ਜੀਵਨ ਦੀ ਪਹਿਲੀ ਕਿਲਕਾਰੀ ਮਾਰਨ ਵਾਲੇ ਆਸਾ ਸਿੰਘ ਦਾ ਝੁਕਾਅ ਮੁੱਢ ਤੋਂ ਹੀ ਸੰਗੀਤ ਵੱਲ ਸੀ ਤੇ ਗਾਇਕੀ ਉਸਨੂੰ ਬੜੀ ਚੰਗੀ ਲੱਗਦੀ ਸੀ। ਉਸਨੇ ਪੰਡਿਤ ਦੁਰਗਾ ਪ੍ਰਸ਼ਾਦ ਜਿਹੇ ਕਾਬਿਲ ਉਸਤਾਦ ਕੋਲੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ਤੇ ਸੰਨ 1949 ਵਿੱਚ ਪਹਿਲੀ ਵਾਰ ਰੇਡੀਓ ‘ਤੇ ਜਾ ਕੇ ” ਠੰਡੀਏ ਹਵਾਏ ਨੀ ਕਿਹੜੇ ਪਾਸਿਉਂ ਤੋਂ ਆਈਂ ਏ ” ਨਾਮਕ ਗੀਤ ਗਾ ਦਿੱਤਾ। ਮਸਤਾਨੇ ਦੀ ਖ਼ਾਸ ਗੱਲ ਇਹ ਸੀ ਕਿ ਉਹ ਹਲਕੇ ਹਲਕੇ ਸੰਗੀਤ ਦੀ ਬੁੱਕਲ ‘ਚ ਬੈਠ ਕੇ ਮਿੱਠਾ ਜਿਹਾ ਗੀਤ ਛੇੜਨ ਨੂੰ ਤਰਜੀਹ ਦਿੰਦਾ ਸੀ।

ਗਾਇਕੀ ਨੂੰ ਸੁਆਰਨ,ਮਾਂਜਣ ਤੇ ਹੋਰ ਸ੍ਰੇਸ਼ਠ ਬਣਾਉਣ ਦੇ ਨਾਲ ਨਾਲ ਕੰਮਕਾਜ ਦੀ ਤਲਾਸ਼ ਕਰਦਾ ਕਰਦਾ ਆਸਾ ਸਿੰਘ ਮਸਤਾਨਾ ਦਿੱਲੀ ਵਿਖੇ ਜਾ ਵੱਸਿਆ ਤੇ ਬੈਂਕ ਵਿੱਚ ਨੌਕਰੀ ਕਰਨ ਲੱਗ ਪਿਆ। ਕਰੜੀ ਘਾਲਣਾ ਸਦਕਾ ਉਸਨੂੰ ਨੌਕਰੀ ਵਿੱਚ ਵੀ ਤਰੱਕੀ ਮਿਲਦੀ ਗਈ ਤੇ ਗਾਇਕੀ ਦੇ ਪਿੜ ਵਿੱਚ ਵੀ ਉਹ ਕਦਮ ਦਰ ਕਦਮ ਕਾਮਯਾਬੀ ਹਾਸਿਲ ਕਰਦਾ ਗਿਆ। ਕੁਝ ਕੁ ਸਾਲਾਂ ‘ਚ ਹੀ ਉਹ ਇੱਕ ਸਫ਼ਲ ਬੈਂਕ ਅਫ਼ਸਰ ਤੇ ਹਰਦਿਲ ਅਜ਼ੀਜ਼ ਗਾਇਕ ਹੋ ਨਿੱਬੜਿਆ। ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਪਿਆਰਨ ਵਾਲੇ ਮਸਤਾਨੇ ਨੇ ਵਾਰਿਸ ਦੀ ‘ਹੀਰ’ ਸਣੇ ਅਜਿਹੇ ਅਨੇਕਾਂ ਦਿਲ ਟੁੰਬਵੇਂ ਨਗ਼ਮੇ ਗਾਏ ਜੋ ਅੱਜ ਤੱਕ ਲੋਕ ਚੇਤਿਆਂ ਵਿੱਚ ਸਾਂਭੇ ਪਏ ਹਨ ਜਿਨ੍ਹਾ ਵਿੱਚੋਂ ਕੁਝ ਇਸ ਤਰ੍ਹਾਂ ਹਨ :- ” ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ, ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਨੀ ਮੁਟਿਆਰੇ ਜਾਣਾ ਦੂਰ ਪਿਆ , ਬੱਲੈ ਨੀ ਪੰਜਾਬ ਦੀਏ ਸ਼ੇਰ ਬੱਚੀਏ, ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਮੇਰੇ ਯਾਰ ਨੂੰ ਮੰਦਾ ਨਾਲ ਬੋਲੀਂ,ਤੈਨੂੰ ਮਿਲਣੇ ਦਾ ਚਾਅ ਮਾਹੀਆ ਅਤੇ ਆਜਾ ਮੇਰੇ ਖੇਤਾਂ ਦੀ ਬਹਾਰ ਵੇਖ਼ ਲੈ। ”

- Advertisement -

ਸਮੁੱਚੇ ਭਾਰਤ ‘ਚ ਹੀ ਨਹੀਂ ਸਗੋਂ ਇੰਗਲੈਂਡ,ਅਮਰੀਕਾ ਕਨੇਡਾ ਅਤੇ ਚੈਕੋਸਲੋਵਾਕੀਆ ਵਿੱਚ ਵੀ ਪੰਜਾਬੀ ਗੀਤ-ਸੰਗੀਤ ਦੀ ਮਹਿਕ ਬਿਖੇਰਨ ਵਾਲੇ ਇਸ ਦਿਲਦਾਰ ਗਾਇਕ ਨੇ ਪ੍ਰਕਾਸ਼ ਕੌਰ, ਸੁਰਿੰਦਰ ਕੌਰ ਅਤੇ ਪੁਸ਼ਪਾ ਹੰਸ ਨਾਲ ਦੋਗਾਣੇ ਰਿਕਾਰਡ ਕਰਵਾਏ ਸਨ ਜੋ ਹਰ ਵਰਗ ਦੇ ਸਰੋਤਿਆਂ ਨੇ ਬਹੁਤ ਸਲਾਹੇ ਸਨ। ਲੰਮੇਰੀ ਉਮਰ ਵਾਲੇ ਗੀਤ ਗਾਉਣ ਵਾਲਾ ਇਹ ਮਹਾਨ ਗਾਇਕ ਬਹੱਤਰ ਵਰ੍ਹੇ ਜੀਵਿਆ ਸੀ ਤੇ 23 ਮਈ, ਸੰਨ 1999 ਨੂੰ ਲੱਖਾਂ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਡੂੰਘਾ ਵਿਗੋਚਾ ਛੱਡ ਕੇ ਇਸ ਫ਼ਾਨੀ ਜਹਾਨ ਤੋਂ ਸਦਾ ਲਈ ਰੁਖ਼ਸਤ ਹੋ ਗਿਆ ਸੀ। ‘ ਪਦਮ ਸ੍ਰੀ’ ਜਿਹੇ ਕੌਮੀ ਸਨਮਾਨ ਨਾਲ ਸਨਮਾਨਿਤ ਆਸਾ ਸਿੰਘ ਮਸਤਾਨਾ ਨੂੰ ਉਸਦੇ ਪ੍ਰਸ਼ੰਸ਼ਕ ਅੱਜ ਵੀ ਬੜੀ ਸ਼ਿੱਦਤ ਨਾਲ ਯਾਦ ਕਰਦੇ ਹਨ।

ਮੋਬਾਇਲ: 97816-46008

Share this Article
Leave a comment