ਨਿਊਜ਼ ਡੈਸਕ- ਪੰਜਾਬ ਵਿੱਚ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਨ੍ਹਾਂ ਦੀ ਬੇਟੀ ਵੀ ਚੋਣ ਪ੍ਰਚਾਰ ਲਈ ਆਉਂਣਗੇ। 11 ਫਰਵਰੀ ਨੂੰ ਧੂਰੀ ‘ਚ ਭਗਵੰਤ ਮਾਨ ਦੀ ਜਨ ਸਭਾ ‘ਚ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਵੀ ਸ਼ਾਮਿਲ ਹੋਣਗੀਆਂ। ਅਰਵਿੰਦ ਕੇਜਰੀਵਾਲ ਦੀ ਪਤਨੀ ਔਰਤਾਂ ਨਾਲ ਗੱਲਬਾਤ ਕਰੇਗੀ। ਇਸ ਦੇ ਨਾਲ ਹੀ ਭਗਵੰਤ ਮਾਨ ਦੀ ਮਾਂ ਅਤੇ ਭੈਣ ਵੀ ਚੋਣ ਪ੍ਰਚਾਰ ਵਿੱਚ ਸ਼ਾਮਲ ਹੋਣਗੀਆਂ।
ਇਸ ਦੌਰਾਨ ਕੇਜਰੀਵਾਲ ਖੁਦ ਪੰਜਾਬ ‘ਚ ਨਹੀਂ ਰਹਿਣਗੇ। ਦਰਅਸਲ, ਅਰਵਿੰਦ ਕੇਜਰੀਵਾਲ ਦੋ ਦਿਨਾਂ ਦੌਰੇ ‘ਤੇ ਅੱਜ ਗੋਆ ਪਹੁੰਚਣਗੇ। ਕੇਜਰੀਵਾਲ ਅੱਜ ਅਤੇ ਕਲ੍ਹ ਗੋਆ ਦੇ ਕਈ ਇਲਾਕਿਆਂ ਵਿੱਚ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। 11 ਫਰਵਰੀ ਨੂੰ ਉਹ ਪਣਜੀ ਵਿੱਚ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਨੂੰ ਲੈ ਕੇ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਪੰਜਾਬ ‘ਚ ਸਰਕਾਰ ਬਣਾਉਂਦੀ ਹੈ ਤਾਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਸਾਰਿਆਂ ਦਫ਼ਤਰਾਂ ‘ਚ ਲਗਾਈ ਜਾਵੇਗੀ।
‘ਆਪ’ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨਾਲ ਅੰਮ੍ਰਿਤਸਰ ਵਿੱਚ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਕੇਜਰੀਵਾਲ ਨੇ ਕਿਹਾ ਕਿ ਅੱਜ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਬੀਤ ਚੁੱਕੇ ਹਨ ਪਰ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ। ਗੰਦੀ ਰਾਜਨੀਤੀ ਸਿਸਟਮ ਉੱਤੇ ਹਾਵੀ ਹੈ। ਅਜ਼ਾਦੀ ਦੀ ਲਹਿਰ ਨੂੰ ਦਰਸਾਉਣ ਵਾਲੀਆਂ ਦੋ ਸ਼ਖ਼ਸੀਅਤਾਂ ਹਨ। ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ।”
ਅੰਮ੍ਰਿਤਸਰ ਪੂਰਬੀ ਸੀਟ ‘ਤੇ ਨਵਜੋਤ ਸਿੰਘ ਸਿੱਧੂ ਅਤੇ ਮਜੀਠੀਆ ਵਿਚਾਲੇ ਹੋਏ ਦੋਸ਼ਾਂ ਅਤੇ ਜਵਾਬੀ ਦੋਸ਼ਾਂ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਇਹ ਦੋਵੇਂ ਬਹੁਤ ਵੱਡੇ ਸਿਆਸੀ ਹਾਥੀ ਹਨ, ਜਿਨ੍ਹਾਂ ਦੇ ਹੇਠਾਂ ਜਨਤਾ ਦੇ ਮੁੱਦਿਆਂ ਨੂੰ ਕੁਚਲ ਦਿੱਤਾ ਜਾਂਦਾ ਹੈ, ਉਥੇ ਹੀ ਲੋਕਾਂ ਦੇ ਮੁੱਦੇ ਉਥੋਂ ਦੀ ਸਾਡੀ ਉਮੀਦਵਾਰ ਡਾ. ਜੀਵਨਜੋਤ ਚੁੱਕ ਰਹੀ ਹੈ। ਸਿੱਧੂ ਨੇ ਅੱਜ ਤੱਕ ਆਪਣੇ ਇਲਾਕੇ ਲਈ ਕੁਝ ਨਹੀਂ ਕੀਤਾ। ਸਿਰਫ਼ ਸਾਡੀ ਉਮੀਦਵਾਰ ਹੀ ਲੋਕਾਂ ਵਿੱਚ ਜਾਵੇਗੀ। ਮਜੀਠੀਆ ਦਾ ਉੱਥੋਂ ਕੋਈ ਲੈਣਾ-ਦੇਣਾ ਨਹੀਂ ਹੈ, ਉਹ ਸਿਰਫ਼ ਸਿੱਧੂ ਨੂੰ ਹਰਾਉਣ ਆਇਆ ਹੈ।”