ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸੇ ਦੌਰਾਨ ਸੋਮਵਾਰ ਸਵੇਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਿਸਾਨਾਂ ਨੂੰ ਮਿਲਣ ਸਿੰਘੂ ਬਾਰਡਰ ‘ਤੇ ਪਹੁੰਚੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਹੀਂ ਸੇਵਾਦਾਰ ਬਣ ਕੇ ਧਰਨੇ ‘ਚ ਪਹੁੰਚੇ ਹਨ। ਕੇਜਰੀਵਾਲ ਨੇ ਧਰਨੇ ਦੌਰਾਨ ਕੀਤੇ ਗਏ ਇੰਤਜ਼ਾਮਾਂ ਦਾ ਜਾਇਜ਼ਾ ਵੀ ਲਿਆ।
ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜ੍ਹੇ ਹਾਂ। ਮੈਂ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਮੰਗਾ ਜਾਇਜ਼ ਹਨ। ਇਸ ਲਈ ਕੇਂਦਰ ਸਰਕਾਰ ਜਲਦ ਤੋਂ ਜਲਦ ਇਨ੍ਹਾਂ ਦੀਆਂ ਮੰਗਾ ਪੂਰੀਆਂ ਕਰੇ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਈ ਥਾਵਾਂ ‘ਤੇ ਪਾਣੀ ਦੀ ਮੁਸ਼ਕਿਲ ਆ ਰਹੀ ਹੈ, ਜਿਸ ਨੂੰ ਜਲਦ ਹੀ ਠੀਕ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਕੇਂਦਰ ਸਰਕਾਰ ਨੇ ਸਾਡੇ ‘ਤੇ ਜ਼ੋਰ ਪਾਇਆ ਕਿ ਦਿੱਲੀ ਦੇ 9 ਸਟੇਡੀਅਮ ਨੂੰ ਅਸਥਾਈ ਜੇਲ੍ਹਾਂ ‘ਚ ਤਬਦੀਲ ਕੀਤਾ ਜਾਵੇ ਪਰ ਅਸੀਂ ਉਸ ਮੰਗ ਨੂੰ ਨਹੀਂ ਮੰਨਿਆ। ਮੈਨੂੰ ਫੋਨ ਵੀ ਕੀਤੇ ਗਏ, ਬਹੁਤ ਦਬਾਅ ਪਾਇਆ ਗਿਆ।