ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਵੱਡਾ ਦਾਅਵਾ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪਾਰਟੀ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਨੂੰ ਕੁਝ ਹੁੰਦਾ ਹੈ ਤਾਂ ਉਸ ਲਈ ਸਿੱਧੇ ਤੌਰ ‘ਤੇ ਭਾਜਪਾ ਜ਼ਿੰਮੇਵਾਰ ਹੋਵੇਗੀ। ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਜਦੋਂ ਤੋਂ ਅਰਵਿੰਦ ਕੇਜਰੀਵਾਲ ਜੇਲ੍ਹ ‘ਚੋਂ ਬਾਹਰ ਆਏ ਹਨ, ਉਦੋਂ ਤੋਂ ਹੀ ਭਾਜਪਾ ਡਰ ‘ਚ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਹੁਣ ਅਰਵਿੰਦ ਕੇਜਰੀਵਾਲ ‘ਤੇ ਜਾਨਲੇਵਾ ਹਮਲੇ ਦੀ ਸਾਜ਼ਿਸ਼ ਰਚ ਰਹੀ ਹੈ। ਇਹ ਸਾਜ਼ਿਸ਼ ਸਿੱਧੇ ਪੀਐਮਓ ਤੋਂ ਚਲਾਈ ਜਾ ਰਹੀ ਹੈ। ਰਾਜੀਵ ਚੌਕ ਅਤੇ ਪਟੇਲ ਨਗਰ ਮੈਟਰੋ ਸਟੇਸ਼ਨਾਂ ‘ਤੇ ਕੇਜਰੀਵਾਲ ਜੀ ‘ਤੇ ਹਮਲੇ ਦੀਆਂ ਧਮਕੀਆਂ ਲਿਖੀਆਂ ਗਈਆਂ ਹਨ। ਸੰਜੇ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ‘ਤੇ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ, ਜਿਸ ‘ਚ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਪਟੇਲ ਨਗਰ, ਰਾਜੀਵ ਚੌਕ ਮੈਟਰੋ ਸਟੇਸ਼ਨ ‘ਤੇ ਧਮਕੀਆਂ ਲਿਖੀਆਂ ਜਾ ਰਹੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਅਰਵਿੰਦ ਕੇਜਰੀਵਾਲ ਨਾਲ ਇੰਨੀ ਨਫਰਤ ਕਰਦੀ ਹੈ ਕਿ ਉਹ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਮੈਂ ਚੋਣ ਕਮਿਸ਼ਨ, ਸਰਕਾਰ ਅਤੇ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਅਰਵਿੰਦ ਕੇਜਰੀਵਾਲ ਨੂੰ ਕੁਝ ਹੁੰਦਾ ਹੈ ਤਾਂ ਭਾਜਪਾ ਅਤੇ ਪ੍ਰਧਾਨ ਮੰਤਰੀ ਦਫ਼ਤਰ ਇਸ ਲਈ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਤਿੰਨ ਵਾਰ ਚੁਣੇ ਗਏ ਮੁੱਖ ਮੰਤਰੀ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਸਾਰੇ ਨੇਤਾ, ਵਿਧਾਇਕ ਅਤੇ ਸੰਸਦ ਮੈਂਬਰ ਵੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਰਹੇ ਹਨ। ਜੇਕਰ ਅਰਵਿੰਦ ਕੇਜਰੀਵਾਲ ਨੂੰ ਕੁਝ ਹੋਇਆ ਤਾਂ ਭਾਜਪਾ ਜ਼ਿੰਮੇਵਾਰ ਹੋਵੇਗੀ। 19 ਮਈ ਨੂੰ ਹਮਲਾ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਸਿਰਫ ਭਾਜਪਾ ਦੀ ਭਾਸ਼ਾ ਹੈ। ਚੋਣ ਕਮਿਸ਼ਨ ਨੂੰ ਇਸ ਦਾ ਤੁਰੰਤ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ।
ਡੀਸੀਪੀ ਮੈਟਰੋ ਦੇ ਅਨੁਸਾਰ, ਇਹ ਧਮਕੀਆਂ ਕੱਲ੍ਹ ਯਾਨੀ 19 ਤਰੀਕ ਨੂੰ ਮੈਟਰੋ ਦੇ ਅੰਦਰ ਲਿਖੀਆਂ ਗਈਆਂ ਸਨ। ਇਹ ਗੱਲ ਕਿਸ ਨੇ ਲਿਖੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੈਟਰੋ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪਟੇਲ ਚੌਕ ਮੈਟਰੋ ਸਟੇਸ਼ਨ ਦੇ ਹੋਰਡਿੰਗ ‘ਤੇ ਇਤਰਾਜ਼ਯੋਗ ਹਵਾਲਾ ਵੀ ਲਿਖਿਆ ਗਿਆ ਹੈ। ਦਿੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਦੇ ਨਾਲ ਹੀ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਰਾਜੀਵ ਚੌਕ, ਪਟੇਲ ਨਗਰ ਮੈਟਰੋ ਸਟੇਸ਼ਨ ਅਤੇ ਕਈ ਮੈਟਰੋ ਟਰੇਨਾਂ ਦੇ ਅੰਦਰ ਜਾਨੋਂ ਮਾਰਨ ਦੀਆਂ ਧਮਕੀਆਂ ਲਿਖੀਆਂ ਗਈਆਂ ਹਨ। ਇਹ ਸਾਰੇ ਮੈਟਰੋ ਸਟੇਸ਼ਨ ਪੂਰੀ ਤਰ੍ਹਾਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਹਨ। ਪੁਲਿਸ ਅਤੇ ਸੀਆਈਐਸਐਫ ਦੇ ਸੁਰੱਖਿਆ ਕਰਮਚਾਰੀ ਇੱਥੇ 24 ਘੰਟੇ ਮੌਜੂਦ ਰਹਿੰਦੇ ਹਨ। ਇਸ ਦੇ ਬਾਵਜੂਦ ਇੱਕ ਵਿਅਕਤੀ ਧਮਕੀ ਪੱਤਰ ਲਿਖ ਕੇ ਇੱਥੋਂ ਚਲਾ ਜਾਂਦਾ ਹੈ ਅਤੇ ਹੁਣ ਕੋਈ ਉਸ ਦੀ ਭਾਲ ਵੀ ਨਹੀਂ ਕਰ ਰਿਹਾ।
ਇਸ ਵਿਅਕਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸਾਰੀਆਂ ਧਮਕੀਆਂ ਪੋਸਟ ਕੀਤੀਆਂ ਹਨ। ਦਿੱਲੀ ਪੁਲਿਸ ਅਤੇ ਉਨ੍ਹਾਂ ਦਾ ਸਾਈਬਰ ਸੈੱਲ ਹੁਣ ਕਿੱਥੇ ਗਿਆ ਹੈ? ਮੁੱਖ ਮੰਤਰੀ ਨੂੰ ਸ਼ਰੇਆਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਦਿੱਲੀ ਪੁਲਿਸ ਸਵਾਤੀ ਮਾਲੀਵਾਲ ਦੇ ਝੂਠੇ ਇਲਜ਼ਾਮਾਂ ‘ਤੇ ਸੁਪਰ ਐਕਟਿਵ ਹੋ ਗਈ ਹੈ ਅਤੇ ਹੁਣ ਕੁਝ ਨਹੀਂ ਕਰ ਰਹੀ ਹੈ।