ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਤੋਂ ਪਾਰਟੀ ਦੇ ਕੌਮੀ ਕਨਵੀਨਰ ਚੁਣੇ ਗਏ। ਇਸ ਦੇ ਨਾਲ ਹੀ ਪੰਕਜ ਗੁਪਤਾ ਨੂੰ ਸਕੱਤਰ ਅਤੇ ਐਨਡੀ ਗੁਪਤਾ ਨੂੰ ਪਾਰਟੀ ਦਾ ਖਜ਼ਾਨਚੀ ਦਾ ਚਾਰਜ ਦਿੱਤਾ ਗਿਆ ਹੈ। ਇਹ ਲਗਾਤਾਰ ਤੀਜੀ ਵਾਰ ਹੈ ਜਦੋਂ ਕੇਜਰੀਵਾਲ ਨੂੰ ਇਸ ਕਾਰਜ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਅਪ੍ਰੈਲ 2016 ਵਿੱਚ ਕੇਜਰੀਵਾਲ ਦੂਜੀ ਵਾਰ ਪਾਰਟੀ ਦੇ ਕੌਮੀ ਕਨਵੀਨਰ ਚੁਣੇ ਗਏ ਸਨ। ਆਮ ਆਦਮੀ ਪਾਰਟੀ ਦੀ ਕੌਮੀ ਕੌਂਸਲ ਨੇ ਸ਼ਨੀਵਾਰ ਨੂੰ 34 ਮੈਂਬਰੀ ਕਾਰਜਕਾਰੀ ਬਾਡੀ ਦੀ ਚੋਣ ਕੀਤੀ, ਜਿਸ ਵਿੱਚ ਕੇਜਰੀਵਾਲ ਵੀ ਸ਼ਾਮਲ ਸਨ।
ਕੇਜਰੀਵਾਲ ਨੇ 2016 ‘ਚ ਕੌਮੀ ਕਨਵੀਨਰ ਵਜੋਂ ਆਪਣੇ ਦੂਜੇ ਕਾਰਜਕਾਲ ਵਿੱਚ ਤਿੰਨ ਸਾਲਾਂ ਲਈ ਪਾਰਟੀ ਦਾ ਕਾਰਜਭਾਰ ਸੰਭਾਲਿਆ ਸੀ, ਪਰ 2019 ਵਿੱਚ ਲੋਕ ਸਭਾ ਚੋਣਾਂ ਅਤੇ 2020 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦਾ ਕਾਰਜਕਾਲ 2020 ਤੱਕ ਵਧਾ ਦਿੱਤਾ ਗਿਆ।
ਇਸ ਤੋਂ ਬਾਅਦ, ਰਾਸ਼ਟਰੀ ਪ੍ਰੀਸ਼ਦ ਦੀ ਇਹ ਬੈਠਕ ਸਾਲ 2020 ਵਿੱਚ ਹੀ ਹੋਣੀ ਸੀ, ਪਰ ਕੋਰੋਨਾ ਸੰਕਰਮਣ ਦੇ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਕੌਮੀ ਕੌਂਸਲ ਦੀ ਮੀਟਿੰਗ ਜਨਵਰੀ 2021 ਵਿੱਚ ਹੋਈ, ਜਿਸ ਵਿੱਚ ਪਾਰਟੀ ਦੇ ਸੰਵਿਧਾਨ ਵਿੱਚ ਸੋਧ ਕੀਤੀ ਗਈ।
ਇਸ ਸੋਧ ਵਿੱਚ ਰਾਸ਼ਟਰੀ ਕਨਵੀਨਰ ਦਾ ਕਾਰਜਕਾਲ 3 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤਾ ਗਿਆ ਸੀ। ਇਸਦੇ ਨਾਲ ਹੀ, ਇਸ ਵਿੱਚ ਕੌਮੀ ਕਨਵੀਨਰ ਨੂੰ ਸਿਰਫ ਦੋ ਵਾਰ ਹੀ ਨਿਯੁਕਤ ਕੀਤੇ ਜਾਨ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ। ਇਸ ਤੋਂ ਪਹਿਲਾਂ, ਪਾਰਟੀ ਦੇ ਸੰਵਿਧਾਨ ਦੇ ਅਨੁਸਾਰ, ਕੋਈ ਵੀ ਮੈਂਬਰ ਲਗਾਤਾਰ ਦੋ ਤੋਂ ਵੱਧ ਕਾਰਜਕਾਲਾਂ ਲਈ ਇੱਕੋ ਅਹੁਦਾ ਨਹੀਂ ਰੱਖ ਸਕਦਾ ਸੀ, ਪਾਰਟੀ ਨੇ ਇਹ ਨਿਯਮ ਬਦਲ ਦਿੱਤਾ ਹੈ।