ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਨੂੰ ਈ.ਡੀ ਵੱਲੋਂ ਗ੍ਰਿਫਤਾਰ ਕੀਤਾ ਜਾਣਾ ਸਿਆਸੀ ਬਦਲਾਖੋਰੀ : ਐਡਵੋਕੇਟ ਮਹਿਤਾਬ ਖਹਿਰਾ

TeamGlobalPunjab
5 Min Read

ਚੰਡੀਗੜ੍ਹ : ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਉਪਰੰਤ ਉਹਨਾਂ ਦੇ ਬੇਟੇ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਈ.ਡੀ ਦੀ ਇਹ ਕਾਰਵਾਈ ਸਰਾਸਰ ਗੈਰਕਾਨੂੰਨੀ, ਗੈਰਸੰਵਿਧਾਨਕ ਅਤੇ ਸੂਬੇ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਸੋਚੀ ਸਮਝੀ ਸਾਜਿਸ਼ ਤਹਿਤ ਕੀਤੀ ਗਈ ਹੈ।

ਐਡਵੋਕੇਟ ਮਹਿਤਾਬ ਸਿੰਘ ਖਹਿਰਾ ਅਨੁਸਾਰ, ਸੱਭ ਤੋਂ ਪਹਿਲਾਂ ਮੈਂ ਆਪਣੇ ਪਿਤਾ ਜੀ ਵੱਲੋਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਜੀ ਕਿਸੇ ਤਰਾਂ ਦੀ ਵੀ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਿਲ ਨਹੀਂ ਹਨ ਅਤੇ ਨਾ ਹੀ ਉਹਨਾਂ ਕੋਈ ਗਲਤ ਕੰਮ ਕੀਤਾ ਹੈ ਜਿਵੇਂ ਕਿ ਕੇਂਦਰੀ ਜਾਂਚ ਏਜੰਸੀ ਵੱਲੋਂ ਇਲਜਾਮ ਲਗਾਇਆ ਗਿਆ ਹੈ। ਮੇਰੇ ਪਿਤਾ ਜੀ ਬੇਇਨਸਾਫੀ ਖਿਲਾਫ ਅਵਾਜ ਉਠਾਉਣ ਵਾਲੇ ਹਨ ਅਤੇ ਜਿੰਦਗੀ ਭਰ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਸੰਘਰਸ਼ ਕੀਤਾ ਹੈ।

ਇਥੇ ਇਹ ਦੱਸਣਾ ਬਣਦਾ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਫਾਜਿਲਕਾ ਜਿਲੇ ਦੇ ਪੁਲਿਸ ਥਾਣਾ ਸਦਰ ਜਲਾਲਾਬਾਦ ਵਿੱਚ ਦਰਜ਼ 6 ਸਾਲ ਪੁਰਾਣੇ ਐਨ.ਡੀ.ਪੀ.ਐਸ ਮਾਮਲੇ ਵਿੱਚ ਗਲਤ ਢੰਗ ਨਾਲ ਫਸਾਇਆ ਜਾ ਰਿਹਾ ਹੈ। ਉਕਤ ਐਫ.ਆਈ.ਆਰ ਐਨ.ਡੀ.ਪੀ.ਐਸ ਐਕਟ ਦੀਆਂ ਵੱਖ ਵੱਖ ਧਾਰਾਵਾਂ ਹੇਠ 9 ਵਿਅਕਤੀਆਂ ਖਿਲਾਫ ਦਰਜ਼ ਕੀਤੀ ਗਈ ਸੀ। ਸੁਖਪਾਲ ਖਹਿਰਾ ਦਾ ਨਾਮ ਨਾ ਤਾਂ ਐਫ.ਆਈ.ਆਰ ਵਿੱਚ ਸੀ ਨਾ ਹੀ ਉਕਤ ਮਾਮਲੇ ਦੀ ਚਾਰਜਸ਼ੀਟ ਵਿੱਚ ਸੀ। ਮੁੱਖ ਦੋਸ਼ੀਆਂ ਖਿਲਾਫ ਟਰਾਇਲ ਉਪਰੰਤ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ। 2 ਸਾਲ ਚਲੇ ਟਰਾਇਲ ਦੋਰਾਨ ਕਿਤੇ ਵੀ ਸੁਖਪਾਲ ਸਿੰਘ ਖਹਿਰਾ ਦਾ ਨਾਮ ਨਹੀਂ ਆਇਆ।

ਜਦ ਸੁਖਪਾਲ ਸਿੰਘ ਖਹਿਰਾ ਸੰਨ 2017 ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ ਤਾਂ ਉਹਨਾਂ ਨੇ ਅਨੇਕਾਂ ਮੁੱਦੇ ਉਠਾਏ ਜਿਹਨਾਂ ਵਿੱਚ ਰੇਤ ਮਾਈਨਿੰਗ ਘੋਟਾਲਾ ਵੀ ਸੀ ਜਿਸ ਕਾਰਨ ਅਖੀਰ ਸੱਤਾਧਾਰੀ ਪਾਰਟੀ ਦੇ ਇੱਕ ਕੈਬਿਨਟ ਮੰਤਰੀ ਨੂੰ ਅਸਤੀਫਾ ਵੀ ਦੇਣਾ ਪਿਆ ਸੀ। ਮੋਜੂਦਾ ਮਾਮਲੇ ਵਿੱਚ ਇਹ ਇੱਕ ਟਰਨਿੰਗ ਪੁਆਂਇੰਟ ਸਾਬਿਤ ਹੋਇਆ ਜਦ ਅਚਾਨਕ ਦੋ ਸਰਕਾਰੀ ਗਵਾਹ ਜਿਹਨਾਂ ਦੀ ਪਹਿਲਾਂ ਹੀ ਗਵਾਹੀ ਹੋ ਚੁੱਕੀ ਸੀ, ਨੂੰ ਸੈਕਸ਼ਨ 319 ਸੀ.ਆਰ.ਪੀ.ਸੀ ਤਹਿਤ ਸੁਖਪਾਲ ਸਿੰਘ ਖਹਿਰਾ ਨੂੰ ਝੂਠਾ ਫਸਾਉਣ ਤਹਿਤ ਮੁੜ ਬਿਆਨਾਂ ਲਈ ਬੁਲਾਇਆ ਗਿਆ। ਇਹ ਦੋ ਪੁਲਿਸ ਅਫਸਰ ਗਵਾਹ ਦੋ ਸਾਲ ਟਰਾਇਲ ਦੌਰਾਨ ਖਾਮੋਸ਼ ਕਿਉਂ ਰਹੇ ਅਤੇ ਜਦ ਉਹਨਾਂ ਕੋਲੋਂ ਪਹਿਲਾਂ ਗਵਾਹੀ ਲਈ ਗਈ ਸੀ ਤਾਂ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਦੀ ਭੂਮਿਕਾ ਦਾ ਜਿਕਰ ਕਿਉਂ ਨਹੀਂ ਕੀਤਾ, ਇਹ ਅੱਜ ਤੱਕ ਭੇਦ ਬਣਿਆ ਹੋਇਆ ਹੈ।

- Advertisement -

ਜਦ ਇਹ ਗਵਾਹ ਮੁੜ ਫਿਰ ਕੋਰਟ ਵਿੱਚ ਗਵਾਹੀ ਲਈ ਪੇਸ਼ ਹੋਏ ਤਾ ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਇੱਕ ਦੋਸ਼ੀ ਗੁਰਦੇਵ ਸਿੰਘ ਨੇ ਪੁੱਛ ਗਿੱਛ ਦੋਰਾਨ ਸੁਖਪਾਲ ਸਿੰਘ ਖਹਿਰਾ ਦਾ ਨਾਮ ਲਿਆ ਸੀ ਪਰੰਤੂ ਉਹ ਇਸ ਗੱਲ ਦਾ ਢੁੱਕਵਾ ਜਵਾਬ ਦੇਣ ਵਿੱਚ ਅਸਫਲ ਰਹੇ ਕਿ ਉਹਨਾਂ ਨੇ ਇਹ ਪਹਿਲਾਂ ਕਿਉਂ ਨਹੀਂ ਦੱਸਿਆ। ਇਹ ਗਵਾਹੀ ਟਰਾਇਲ ਦੇ ਬਿਲਕੁਲ ਖਤਮ ਹੋਣ ਦੇ ਨੇੜੇ ਜਾ ਕੇ ਹੋਈ ਸੀ। ਇਸ ਤੋਂ ਬਾਅਦ ਜਲਦ ਹੀ ਟਰਾਇਲ ਕੋਰਟ ਨੇ ਮੁੱਖ ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ। ਸਜ਼ਾ ਸੁਣਾਉਣ ਤੋਂ ਬਾਅਦ ਕੋਰਟ ਨੇ ਸੈਕਸ਼ਨ 319 ਸੀ.ਆਰ.ਪੀ.ਸੀ ਤਹਿਤ ਸੁਖਪਾਲ ਸਿੰਘ ਖਹਿਰਾ ਅਤੇ ਹੋਰਨਾਂ ਨੂੰ ਐਡੀਸ਼ਨਲ ਦੋਸ਼ੀਆਂ ਵਜੋਂ ਸੰਮਨ ਕਰ ਲਿਆ।

ਸੰਮਨਾਂ ਦੇ ਗੈਰਕਾਨੂੰਨੀ ਹੋਣ ਅਤੇ ਟਰਾਇਲ ਕੋਰਟ ਦੇ ਅਧਿਕਾਰ ਖੇਤਰ ਤੋਂ ਬਾਹਰ ਹੋਣ ਕਾਰਨ ਇਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੈਲੰਜ ਕੀਤਾ ਗਿਆ ਅਤੇ ਬਾਅਦ ਵਿੱਚ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ। ਸਰਵ ਉੱਚ ਅਦਾਲਤ ਨੇ ਪਹਿਲੀ ਸੁਣਵਾਈ ਤੇ ਹੀ ਹੇਠਲੀ ਅਦਾਲਤ ਦੀ ਕਾਰਵਾਈ ਨੂੰ ਸਟੇਅ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਵੱਡੀ ਰਾਹਤ ਦਿੱਤੀ। ਇਹ ਮਾਮਲਾ ਸੰਨ 2017 ਤੋਂ ਹੀ ਸਟੇਅ ਹੈ ਅਤੇ ਕਾਨੂੰਨ ਸਬੰਧੀ ਅਹਿਮ ਸਵਾਲ ਦੇ ਹਵਾਲੇ ਵਾਸਤੇ 5 ਜੱਜਾਂ ਵਾਲੀ ਸੰਵਿਧਾਨਕ ਬੈਂਚ ਮੁਹਰੇ ਪੈਡਿੰਗ ਹੈ।

ਮਹਿਤਾਬ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਪਤਾ ਨਹੀਂ ਲਗਾ ਕਿ ਉਹਨਾਂ ਦੇ ਪਿਤਾ ਨੂੰ ਕਿਸ ਅਧਾਰ ਉੱਪਰ ਗ੍ਰਿਫਤਾਰ ਕੀਤਾ ਗਿਆ ਹੈ? ਉਹਨਾਂ ਕਿਹਾ ਕਿ ਨਾ ਤਾਂ ਈ.ਡੀ ਨੇ ਉਹਨਾਂ ਨੂੰ ਈ.ਸੀ.ਆਈ.ਆਰ ਦੀ ਕਾਪੀ ਮੁਹੱਈਆ ਕਰਵਾਈ ਹੈ ਅਤੇ 11 ਨਵੰਬਰ ਨੂੰ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਸਮੇਂ ਗ੍ਰਿਫਤਾਰੀ ਦੇ ਅਧਾਰ ਦੀ ਕਾਪੀ ਮੁਹੱਈਆ ਕਰਵਾਈ ਹੈ। ਉਹਨਾਂ ਕਿਹਾ ਕਿ ਇਹ ਕਿਸੇ ਵੀ ਦੋਸ਼ੀ ਦੇ ਅਧਿਕਾਰਾਂ ਦੀ ਮੁਕੰਮਲ ਉਲੰਘਣਾ ਹੈ ਵਿਸ਼ੇਸ਼ ਤੋਰ ਉੱਪਰ ਜਦ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਂਇੰਦਾ ਹੋਣ ਦੇ ਨਾਲ ਨਾਲ ਵਿਰੋਧੀ ਧਿਰ ਦਾ ਨੇਤਾ ਰਹਿ ਚੁੱਕਾ ਹੋਵੇ।

ਮਹਿਤਾਬ ਨੇ ਕਿਹਾ ਕਿ ਉਹ ਸਿਰਫ ਉਹਨਾਂ ਸਰਾਸਰ ਗਲਤ ਇਲਜਾਮਾਂ ਦਾ ਜਵਾਬ ਦੇ ਸਕਦੇ ਹਨ ਜੋ ਕਿ ਈ.ਡੀ ਦੇ ਵਕੀਲ ਵੱਲੋਂ ਬੀਤੇ ਕੱਲ ਉਹਨਾਂ ਦੇ ਪਿਤਾ ਦੀ ਰਿਮਾਂਡ ਲੈਣ ਸਮੇਂ ਕੋਰਟਰੂਮ ਵਿੱਚ ਲਗਾਏ ਸਨ ਕਿਉਂਕਿ ਉਹਨਾਂ ਨੂੰ ਕੁਝ ਵੀ ਲਿਖਤੀ ਮੁਹੱਈਆ ਨਹੀਂ ਕਰਵਾਇਆ ਗਿਆ ਹੈ।

Share this Article
Leave a comment