ਵ੍ਹਾਈਟ ਰੋਕ: ਵ੍ਹਾਈਟ ਰੌਕ ਬੀਚ ਨੇੜ੍ਹੇ ਛੁਰੇਬਾਜ਼ੀ ਦੇ ਮਾਮਲੇ ‘ਚ ਪੁਲਿਸ ਨੇ ਇੱਕ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰੀ, ਬੀ.ਸੀ. ਦੇ ਰਹਿਣ ਵਾਲੇ 26 ਸਾਲ ਦੇ ਕੁਲਵਿੰਦਰ ਸਿੰਘ ਸੋਹੀ ਦੇ ਮਾਮਲੇ ਵਿੱਚ ਸੋਮਵਾਰ ਨੂੰ ਗ੍ਰਿਫਤਾਰੀ ਕੀਤੀ ਗਈ ਸੀ। ਫਿਲਹਾਲ ਉਸਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮੰਗਲਵਾਰ ਵ੍ਹਾਈਟ ਰੌਕ ਪੀਅਰ ਦੇ ਪੂਰਬ ਵੱਲ 15400 ਬਲਾਕ ਵਿੱਚ ਰਾਤ 9:30 ਵਜੇ ਦੇ ਆਸ-ਪਾਸ ਕੁਲਵਿੰਦਰ ਸਿੰਘ ਸੋਹੀ ਨੂੰ ਚਾਕੂ ਮਾਰਿਆ ਗਿਆ ਸੀ। ਇਹ ਘਟਨਾ ਪਿਛਲੇ ਤਿੰਨ ਦਿਨਾਂ ਵਿਚ ਛੁਰੇਬਾਜ਼ੀ ਦੀ ਦੂਜੀ ਘਟਨਾ ਸੀ। ਸਾਰਜੈਂਟ ਟਿਮੋਥੀ ਪੀਅਰੌਟੀ ਨੇ ਕਿਹਾ ਕਿ ਇਹ ਮਾਮਲਾ ਸਰਗਰਮੀ ਨਾਲ ਜਾਂਚ ਅਧੀਨ ਹੈ। ਉਨ੍ਹਾਂ ਕਿਹਾ, ਅਸੀਂ ਸੁਰੱਖਿਆ ਨੂੰ ਲੈਕੇ ਲੋਕਾਂ ਦੀ ਚਿੰਤਾ ਨੂੰ ਸਮਝਦੇ ਹਾਂ ਅਤੇ ਜਲਦੀ ਤੋ ਜਲਦੀ ਅਪਡੇਟ ਦੇਣਾ ਚਾਹੁੰਦੇ ਹਾਂ।
ਵ੍ਹਾਈਟ ਰੌਕ ਆਰਸੀਐਮਪੀ ਨੇ ਦੱਸਿਆ ਸੀ ਕਿ ਉਹਨਾਂ ਨੂੰ ਰਾਤ 9:30 ਵਜੇ ਦੇ ਕਰੀਬ ਇਕ ਵਿਅਕਤੀ ਦੇ ਚਾਕੂ ਨਾਲ ਜ਼ਖ਼ਮੀ ਹੋਣ ਦੀ ਰਿਪੋਰਟ ਮਿਲੀ ਸੀ। ਜਾਂਚਕਰਤਾਵਾਂ ਨੇ ਕਿਹਾ ਕਿ ਚਸ਼ਮਦੀਦਾਂ ਨੇ ਉਹਨਾਂ ਨੂੰ ਦੱਸਿਆ ਕਿ ਪੀੜਤ ਅਤੇ ਸ਼ੱਕੀ ਦਰਮਿਆਨ ਝਗੜਾ ਹੁੰਦਾ ਨਜ਼ਰ ਆਇਆ ਸੀ ਤੇ ਫਿਰ ਪੀੜਤ ਸ਼ੱਕੀ ਦਾ ਪਿੱਛਾ ਕਰਨ ਲੱਗਾ, ਪਰ ਫਿਰ ਪੀੜਤ ਗਿਰ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।
ਸੋਹੀ ਦੇ ਦੋਸਤ ਅਤੇ ਸਾਬਕਾ ਰੂਮਮੇਟ ਗਗਨ ਸਿੰਘ, ਨੇ ਦੱਸਿਆ ਸੀ ਕਿ ਕੁਲਵਿੰਦਰ ਸੋਹੀ 2018 ਵਿਚ ਕੈਨੇਡਾ ਆਇਆ ਸੀ ਅਤੇ ਪੇਸ਼ੇ ਵੱਜੋਂ ਉਹ ਇੱਕ ਪਲੰਬਰ ਸੀ ਜਿਸਨੇ ਹਾਲ ਹੀ ਵਿੱਚ ਰੈੱਡ ਸੀਲ ਸਰਟੀਫਿਕੇਟ ਪ੍ਰਾਪਤ ਕੀਤਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।